ਮਹਿੰਦਰ ਸਿੰਘ ਰੱਤੀਆਂ
ਮੋਗਾ, 18 ਮਾਰਚ
ਇੱਥੇ ਜ਼ਿਲ੍ਹਾ ਸਕੱਤਰੇਤ ਅੱਗੇ ਪੇਂਡੂ ਮਜ਼ਦੂਰ ਯੂਨੀਅਨ ਨੇ ਸੂਬੇ ’ਚ ਜਨਤਕ ਵੰਡ ਪ੍ਰਣਾਲੀ ਤਹਿਤ ਸਰਕਾਰੀ ਰਾਸ਼ਨ ਵਿੱਚ ਸਿਆਸੀ ਦਖ਼ਲ ਅੰਦਾਜ਼ੀ ਤੇ ਫੈਲੇ ਭ੍ਰਿਸ਼ਟਾਚਾਰ, ਕੱਟੇ ਨੀਲੇ ਕਾਰਡ ਬਹਾਲ ਕਰਵਾਉਣ ਅਤੇ ਹੋਰ ਮੰਗਾਂ ਲਈ ਰੋਸ ਰੈਲੀ ਕਰ ਕੇ ਕੇਂਦਰ ਤੇ ਰਾਜ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਜਥੇਬੰਦੀ ਜ਼ਿਲ੍ਹਾ ਪ੍ਰਧਾਨ ਭਰਪੂਰ ਸਿੰਘ ਰਾਮਾ ਤੇ ਜ਼ਿਲ੍ਹਾ ਸਕੱਤਰ ਮੰਗਾ ਸਿੰਘ ਵੈਰੋਕੇ ਨੇ ਕਿਹਾ ਕਿ ਰਾਜ ਸਰਕਾਰ ਵੱਲੋਂ ਬੇਜ਼ਮੀਨੇ ਮਜ਼ਦੂਰਾਂ ਲਈ ਪੇਸ਼ ਕੀਤੇ ਗਏ 526 ਕਰੋੜ ਦੇ ਬਜਟ ਦਾ ਲਾਭ ਤੁਰੰਤ ਮਜ਼ਦੂਰਾਂ ਦੇ ਖਾਤਿਆਂ ਤੱਕ ਪੁੱਜਦਾ ਕੀਤਾ ਜਾਵੇ। ਉਨ੍ਹਾਂ ਮਜ਼ਦੂਰ ਔਰਤਾਂ ਸਿਰ ਚੜ੍ਹਿਆ ਸਾਰਾ ਕਰਜ਼ਾ ਮੁਆਫ਼ ਕਰਨ ਦੀ ਮੰਗ ਕਰਦਿਆਂ ਆਖਿਆ ਕਿ 6 ਮਾਰਚ 2019 ਨੂੰ ਮਜ਼ਦੂਰਾਂ ਦੇ ਕਰਜ਼ਾ ਮੁਆਫ਼ੀ ਲਈ ਜਾਰੀ ਕੀਤੇ ਨੋਟੀਫਿਕੇਸ਼ਨ ਨੂੰ ਲਾਗੂ ਕੀਤਾ ਜਾਵੇ ਤੇ ਨੋਟੀਫ਼ਕੇਸ਼ਨ ਉੱਤੇ ਅਮਲ ਕਰਕੇ ਕੋਆਪ੍ਰੇਟਿਵ ਬੈਂਕਾਂ ਸਮੇਤ ਸਹਿਕਾਰੀ ਸੁਸਾਇਟੀਆਂ ਵੱਲੋਂ ਆਪਣੇ ਨਿੱਜੀ ਵਸੀਲਿਆਂ ਤੋਂ ਦਿੱਤੇ ਕਰਜ਼ੇ ਸਮੇਤ ਮੁਆਫ਼ ਕੀਤੇ ਜਾਣ। ਸੂਬਾ ਤੇ ਕੇਂਦਰ ਸਰਕਾਰ ਵੱਲੋਂ ਜਨਤਕ ਵੰਡ ਪ੍ਰਣਾਲੀ ਹੇਠ ਦਿੱਤੇ ਜਾਣ ਵਾਲਾ ਰਾਸ਼ਨ ਸਿਆਸੀ ਦਖ਼ਲਅੰਦਾਜ਼ੀ ਤੋਂ ਬਿਨਾਂ ਹਰ ਲੋੜਵੰਦ ਨੂੰ ਦੇਣਾ ਯਕੀਨੀ ਬਣਾਇਆ ਜਾਵੇ ਤੇ ਰਾਸ਼ਨ ਦੀ ਵੰਡ ਵਿੱਚ ਭ੍ਰਿਸ਼ਟਾਚਾਰ ਲਈ ਜ਼ਿੰਮੇਵਾਰ ਕਥਿਤ ਦੋਸ਼ੀਆਂ ਵਿਰੁੱਧ ਪਰਚੇ ਦਰਜ ਕੀਤੇ ਜਾਣ। ਇਸ ਮੌਕੇ ਹਰਬੰਸ ਸਿੰਘ ਰੋਡੇ, ਨੀਲਮ ਰਾਣੀ ਰਾਜੇਆਣਾ, ਮਲਕੀਤ ਸਿੰਘ ਲੰਡੇ, ਬਲਕਾਰ ਸਿੰਘ ਸਮਾਲਸਰ ਨੇ ਸੰਬੋਧਨ ਕੀਤਾ।