ਪੱਤਰ ਪ੍ਰੇਰਕ
ਰਾਜਪੁਰਾ, 29 ਅਕਤੂਬਰ
ਇਥੋਂ ਦੇ ਮਿੰਨੀ ਸਕੱਤਰੇਤ ਵਿੱਚ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਦਾ ਲਾਭ ਆਮ ਲੋਕਾਂ ਤੱਕ ਪਹੁੰਚਾਉਣ ਲਈ ਲਗਾਇਆ ਗਿਆ ਸੁਵਿਧਾ ਕੈਂਪ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਗਿਆ। ਇਥੋਂ ਨੇੜਲੇ ਪਿੰਡ ਉੜਦਣ, ਹਰਿਆਓਂ, ਢੰਕਾਨਸੂ ਕਲਾਂ ਸਮੇਤ ਹੋਰਨਾਂ ਪਿੰਡਾਂ ਤੋਂ ਵੱਖ ਵੱਖ ਭਲਾਈ ਸਕੀਮਾਂ ਦੇ ਫਾਰਮ ਲੈ ਕੇ ਆਏ ਲੋਕਾਂ ਨੇ ਦੱਸਿਆ ਕਿ ਉਹ ਕੱਲ੍ਹ (28 ਅਕਤੂਬਰ) ਨੂੰ ਸੁਵਿਧਾ ਕੈਂਪ ਵਿੱਚ ਆਏ ਸਨ ਤਾਂ ਉਨ੍ਹਾਂ ਨੂੰ ਮੌਕੇ ’ਤੇ ਮੌਜੂਦ ਮੁਲਾਜ਼ਮਾਂ ਵੱਲੋਂ ਇਹ ਕਿਹਾ ਗਿਆ ਕਿ ਭਲਾਈ ਸਕੀਮਾਂ ਦੇ ਭਰੇ ਗਏ ਫਾਰਮ ’ਤੇ ਪਿੰਡ ਦੇ ਸਰਪੰਚ, ਪੰਚ ਦੀ ਮੋਹਰ ਅਤੇ ਦਸਤਖਤ ਜ਼ਰੂਰੀ ਹਨ। ਪ੍ਰੰਤੂ ਉਸ ਸਮੇਂ ਉਨ੍ਹਾਂ ਦੇ ਪਿੰਡ ਦਾ ਸਰਪੰਚ, ਪੰਚ ਮੌਕੇ ’ਤੇ ਨਾ ਮਿਲਣ ਕਾਰਨ ਉਹ ਫਾਰਮ ਲੈ ਕੇ ਆਪਣੇ ਪਿੰਡ ਚਲੇ ਗਏ ਅਤੇ ਅੱਜ ਜਦੋਂ ਸਰਪੰਚ, ਪੰਚ ਤੋਂ ਮੋਹਰ ਲਗਵਾ ਕੇ ਫਾਰਮ ਦੇਣ ਲਈ ਬੀਡੀਪੀਓ ਦਫਤਰ ਪੁੱਜੇ ਤਾਂ ਸਬੰਧਤ ਅਧਿਕਾਰੀਆਂ ਨੇ ਇਹ ਕਹਿ ਕੇ ਫਾਰਮ ਲੈਣ ਤੋਂ ਮਨ੍ਹਾ ਕਰ ਦਿੱਤਾ ਕਿ ਅੱਜ ਕੋਈ ਕੈਂਪ ਨਹੀਂ ਹੈ। ਜਦੋਂ ਫਿਰ ਕੈਂਪ ਲੱਗੇ ਉਦੋਂ ਫਿਰ ਫਾਰਮ ਲੈ ਕੇ ਆਉਣਾ। ਇਸ ਕਾਰਨ ਉਨ੍ਹਾਂ ਨੂੰ ਬਿਨਾਂ ਫਾਰਮ ਦੇਣ ਤੋਂ ਖੱਜਲ ਖੁਆਰ ਹੋ ਕੇ ਘਰ ਪਰਤਣਾ ਪਿਆ। ਇਸ ਸਬੰਧੀ ਸੰਪਰਕ ਕਰਨ ’ਤੇ ਬੀ.ਡੀ.ਪੀ.ਓ ਰਾਜਪੁਰਾ ਰਮੇਸ਼ ਕੁਮਾਰ ਗੋਇਲ ਦਾ ਕਹਿਣਾ ਸੀ ਕਿ ਫਾਰਮਾਂ ’ਤੇ ਸਰਪੰਚ, ਪੰਚ ਦੇ ਦਸਤਖਤ ਜ਼ਰੂਰੀ ਨਹੀਂ। ਇਹ ਲੋਕ ਕੱਲ੍ਹ ਕੈਂਪ ਵਿੱਚ ਆਏ ਹੀ ਨਹੀਂ ਤੇ ਅੱਜ ਐਵੇਂ ਫਾਰਮ ਚੁੱਕੀ ਫਿਰਦੇ ਹਨ। ਜਦੋਂ ਕਿ ਬਲਾਕ ਸਮਿਤੀ ਰਾਜਪੁਰਾ ਦੇ ਚੇਅਰਮੈਨ ਸਰਬਜੀਤ ਸਿੰਘ ਮਾਣਕਪੁਰ ਦਾ ਕਹਿਣਾ ਹੈ ਕਿ ਪਿੰਡਾਂ ਦੇ ਵਸਨੀਕਾਂ ਲਈ ਇਨ੍ਹਾਂ ਫਾਰਮਾਂ ’ਤੇ ਸਰਪੰਚ, ਪੰਚ ਦੀ ਮੋਹਰ ਅਤੇ ਦਸਤਖਤ ਜ਼ਰੂਰੀ ਸਨ।
ਸੁਵਿਧਾ ਕੈਂਪ ਵਿਧਾਇਕ ਨੇ ਸਰਟੀਫਿਕੇਟ ਸੌਂਪੇ
ਸਮਾਣਾ (ਪੱਤਰ ਪੇ੍ਰਕ): ਇਥੇ ਹੀਰਾ ਪੈਲੇਸ ਨੇੜੇ ਕੁਤਬਨਪੁਰ, ਸਮਾਣਾ ਵਿਖੇ ਲੱਗੇ ਕੈਂਪ ‘ਚ ਐਮ.ਐਲ.ਏ. ਸਮਾਣਾ ਰਜਿੰਦਰ ਸਿੰਘ ਨੇ ਸ਼ਿਰਕਤ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਭਲਾਈ ਸਕੀਮਾਂ ਨੂੰ ਜ਼ਮੀਨੀ ਪੱਧਰ ਤੱਕ ਲਾਗੂ ਕਰਵਾ ਕੇ ਯੋਗ ਲਾਭਪਾਤਰੀਆਂ ਨੂੰ ਬਣਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਇਸ ਮੌਕੇ ਰਸਮੀ ਤੌਰ ’ਤੇ ਐਮ.ਐਲ.ਏ. ਸਮਾਣਾ ਰਜਿੰਦਰ ਸਿੰਘ ਨੇ ਪੰਜ-ਪੰਜ ਮਰਲੇ ਦੇ ਪਲਾਟਾਂ ਦੀ ਸਨਦਾਂ 10 ਲਾਭਪਤਾਰੀਆਂ ਨੂੰ, ਗਿਆਵੀ ਤੇ ਬਾਰਵੀ ‘ਚ ਮੁਫ਼ਤ ਪੜਾਈ ਲਈ 20 ਵਿਦਿਆਰਥੀਆਂ ਨੂੰ ਦਾਖਲਾ ਸਰਟੀਫਿਕੇਟ ਸੌਂਪੇ। ਇਸ ਤੋਂ ਇਲਾਵਾ 20 ਉਮੀਦਵਾਰਾਂ ਨੂੰ ਜਾਬ ਕਾਰਡ ਤੇ 10 ਵੱਖ ਵੱਖ ਪੈਨਸ਼ਨਾਂ ਦੇ ਲਾਭਪਾਤਰੀਆਂ ਨੂੰ ਪੈਨਸ਼ਨ ਸਰਟੀਫਿਕੇਟ ਤਕਸੀਮ ਕੀਤੇ।