ਗੁਰਦੀਪ ਸਿੰਘ ਲਾਲੀ
ਸੰਗਰੂਰ, 5 ਦਸੰਬਰ
ਪੁਲੀਸ ਕਾਂਸਟੇਬਲ ਭਰਤੀ ਵਿੱਚ ਕਥਿਤ ਘਪਲੇਬਾਜ਼ੀ ਖ਼ਿਲਾਫ਼ ਪਿਛਲੇ ਇਂੱਕ ਹਫ਼ਤੇ ਤੋਂ ਇੱਥੇ ਦਿੱਲੀ-ਲੁਧਿਆਣਾ ਹਾਈਵੇਅ ’ਤੇ ਡਟੇ ਨੌਜਵਾਨ ਮੁੰਡੇ-ਕੁੜੀਆਂ ਵੱਲੋਂ ਭਲਕੇ 6 ਦਸੰਬਰ ਤੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਰਿਹਾਇਸ਼ ਖਰੜ ਤੱਕ ‘ਡੰਡੌਤ ਯਾਤਰਾ’ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਹਾਈਵੇਅ ’ਤੇ ਸਥਿਤ ਰੇਲਵੇ ਓਵਰਬ੍ਰਿਜ ’ਤੇ ਆਵਾਜਾਈ ਠੱਪ ਕਰ ਕੇ ਚੱਲ ਰਿਹਾ ਪੱਕਾ ਰੋਸ ਧਰਨਾ ਅੱਜ ਲੋਕਾਂ ਦੀਆਂ ਮੁਸ਼ਕਲਾਂ ਦੇ ਮੱਦੇਨਜ਼ਰ ਓਵਰਬ੍ਰਿਜ ਤੋਂ ਭਗਵਾਨ ਮਹਾਂਵੀਰ ਚੌਕ ਵਿੱਚ ਤਬਦੀਲ ਕਰ ਦਿੱਤਾ ਗਿਆ।
ਧਰਨੇ ਦੀ ਅਗਵਾਈ ਕਰ ਰਹੇ ਪੰਜਾਬ ਸੰਘਰਸ਼ ਕਮੇਟੀ ਦੇ ਆਗੂ ਜਸਪਾਲ ਸਿੰਘ, ਦਵਿੰਦਰ ਧੂਰੀ, ਦਵਿੰਦਰ ਖੰਨਾ ਤੇ ਰਮਨ ਗਿੱਲ ਮਾਨਸਾ ਆਦਿ ਨੇ ਦੱਸਿਆ ਕਿ ਦਿੱਲੀ-ਲੁਧਿਆਣਾ ਹਾਈਵੇਅ ’ਤੇ ਸਥਿਤ ਓਵਰਬ੍ਰਿਜ ’ਤੇ ਪੱਕੇ ਰੋਸ ਧਰਨੇ ਕਾਰਨ ਪਿਛਲੇ ਇੱਕ ਹਫ਼ਤੇ ਤੋਂ ਆਵਾਜਾਈ ਠੱਪ ਸੀ ਜਿਸ ਕਾਰਨ ਬੱਸਾਂ ਵਾਲੇ ਮੁਸਾਫ਼ਰਾਂ ਨੂੰ ਕਾਫ਼ੀ ਦੂਰ ਉਤਾਰ ਦਿੰਦੇ ਸੀ ਅਤੇ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਜਿਸ ਕਾਰਨ ਪੱਕਾ ਧਰਨਾ ਓਵਰਬ੍ਰਿਜ ਤੋਂ ਤਬਦੀਲ ਕਰ ਕੇ ਇਸੇ ਹਾਈਵੇਅ ’ਤੇ ਸਥਿਤ ਭਗਵਾਨ ਮਹਾਂਵੀਰ ਚੌਕ ਵਿਚ ਲਗਾ ਦਿੱਤਾ ਹੈ ਜਿੱਥੇ ਇੱਕ ਸਾਈਡ ਦੀ ਸੜਕ ਉਪਰ ਆਵਾਜਾਈ ਰੋਕੀ ਗਈ ਹੈ ਜਦਕਿ ਇੱਕ ਸਾਈਡ ’ਤੇ ਆਵਾਜਾਈ ਬਹਾਲ ਹੈ ਤਾਂ ਜੋ ਲੋਕਾਂ ਨੂੰ ਕੋਈ ਮੁਸ਼ਕਲ ਨਾ ਆਵੇ। ਉਨ੍ਹਾਂ ਦੱਸਿਆ ਕਿ ਸੱਤ ਦਿਨਾਂ ਦੇ ਧਰਨੇ ਦੌਰਾਨ ਕਿਸੇ ਮੰਤਰੀ, ਸਰਕਾਰ ਦੇ ਨੁਮਾਇੰਦੇ ਜਾਂ ਪ੍ਰਸ਼ਾਸਨਿਕ ਅਧਿਕਾਰੀ ਨੇ ਧਰਨਾਕਾਰੀਆਂ ਦੀ ਸਾਰ ਤੱਕ ਨਹੀਂ ਲਈ ਗਈ ਜਿਸ ਕਰਕੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਭਲਕੇ 6 ਦਸੰਬਰ ਤੋਂ ਸੰਗਰੂਰ ਤੋਂ ਖਰੜ ਤੱਕ ‘ਡੰਡੌਤ ਯਾਤਰਾ’ ਸ਼ੁਰੂ ਕੀਤੀ ਜਾਵੇਗੀ ਜੋ ਮੁੱਖ ਮੰਤਰੀ ਦੀ ਕੋਠੀ ਅੱਗੇ ਪੁੱਜ ਕੇ ਇਨਸਾਫ਼ ਦੀ ਮੰਗ ਕਰੇਗੀ। ਉਨ੍ਹਾਂ ਮੰਗ ਕੀਤੀ ਕਿ ਕਾਂਸਟੇਬਲ ਦੀ ਮੈਰਿਟ ਲਿਸਟ ਜਾਰੀ ਕੀਤੀ ਜਾਵੇ, ਮੈਰਿਟ ਲਿਸਟ ਵਾਲਿਆਂ ਦੇ ਨੰਬਰ ਜਨਤਕ ਕੀਤੇ ਜਾਣ, ਪੰਜਾਬ ਪੁਲੀਸ ਦੇ ਇਸ਼ਤਿਹਾਰ ਅਨੁਸਾਰ 25% ਐੱਸਸੀ ਅਤੇ 33% ਜਨਰਲ ਵਰਗ ਦੀ ਉਮੀਦਵਾਰਾਂ ਨੂੰ ਵੀ ਭਰਤੀ ਟਰਾਇਲ ਲਈ ਬੁਲਾਇਆ ਜਾਵੇ ਅਤੇ ਸਬ ਇੰਸਪੈਕਟਰ, ਹੈੱਡ ਕਾਂਸਟੇਬਲ ਅਤੇ ਇੰਟੈਲੀਜੈਂਸ ਦੇ ਰੱਦ ਕੀਤੇ ਪੇਪਰ ਦੁਬਾਰਾ ਲਏ ਜਾਣ।