ਮਾਛੀਵਾੜਾ (ਪੱਤਰ ਪ੍ਰੇਰਕ): ਬੀਕੇਯੂ ਲੱਖੋਵਾਲ ਦੇ ਬਲਾਕ ਲੁਧਿਆਣਾ-2 ਦਾ ਵਫ਼ਦ ਗਿਆਨ ਸਿੰਘ ਮੰਡ ਦੀ ਅਗਵਾਈ ਹੇਠ ਪੰਚਾਇਤ ਵਿਭਾਗ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਮਿਲਿਆ। ਕਿਸਾਨ ਆਗੂਆਂ ਨੇ ਮੰਤਰੀ ਅੱਗੇ ਗਰੀਬ ਆਬਾਦਕਾਰ ਕਿਸਾਨਾਂ ਨੂੰ ਪੰਚਾਇਤੀ ਜ਼ਮੀਨ ਪਟੇ ’ਤੇ ਦਿਵਾਉਣ ਦੀ ਮੰਗ ਕਰਦਿਆਂ ਕਿਹਾ ਕਿ ਗ਼ਰੀਬ ਆਬਾਦਕਾਰ ਕਿਸਾਨਾਂ ਨੇ ਪਿਛਲੇ 35-40 ਸਾਲਾਂ ਤੋਂ ਮਿਹਨਤ ਕਰ ਕੇ ਜ਼ਮੀਨਾਂ ਉਪਜਾਊ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਜ਼ਮੀਨਾਂ ’ਤੇ ਖੇਤੀ ਕਰ ਕੇ ਹੀ ਇਹ ਛੋਟੇ ਕਿਸਾਨ ਆਪਣੇ ਪਰਿਵਾਰ ਪਾਲ ਰਹੇ ਹਨ। ਪੰਚਾਇਤ ਮੰਤਰੀ ਨੇ ਵਫ਼ਦ ਨੂੰ ਯਕੀਨ ਦਿਵਾਇਆ ਕਿ ਸਰਕਾਰ ਮਸਲਾ ਹਮਦਰਦੀ ਨਾਲ ਵਿਚਾਰੇਗੀ।