ਜਸਵੰਤ ਸਿੰਘ ਗਰੇਵਾਲ
ਚੀਮਾ ਮੰਡੀ, 5 ਦਸੰਬਰ
ਸੁਨਾਮ ਹਲਕੇ ਤੋਂ ਅਕਾਲੀ ਦਲ ਬਾਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਬਲਦੇਵ ਸਿੰਘ ਮਾਨ ਵੱਲੋਂ ਇੱਥੇ ਚੀਮਾ ਮੰਡੀ ਵਿੱਚ ਪਾਰਟੀ ਵਰਕਰਾਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਝੂਠੇ ਵਾਅਦਿਆਂ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਝੂਠੀਆਂ ਗਾਰੰਟੀਆਂ ਨਾਲ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ, ਪਰ ਸੂਬੇ ਦੇ ਲੋਕ ਚੰਨੀ ਅਤੇ ਕੇਜਰੀਵਾਲ ਦੇ ਵਾਅਦਿਆਂ ਦਾ ਭਰੋਸਾ ਨਹੀਂ ਕਰਦੇ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਸਰਕਾਰ ਸਮੇਂ 95 ਪ੍ਰਤੀਸ਼ਤ ਮੰਡੀਆਂ ਦਾ ਨਿਰਮਾਣ ਕੀਤਾ ਸੜਕਾਂ ਤੇ ਨਹਿਰਾਂ ਦਾ ਜਾਲ ਵਿਛਾਇਆ। ਪੰਜਾਬ ਦੇ ਜ਼ਿੰਮੀਂਦਾਰਾਂ ਤੇ ਅਨੁਸੂਚਿਤ ਜਾਤੀਆਂ ਦੇ ਲੋਕਾਂ ਦੇ ਬਿਜਲੀ ਦੇ ਬਿੱਲ ਮੁਆਫ਼ ਕੀਤੇ ਤੇ ਆਟਾ-ਦਾਲ ਸਕੀਮ ਜਾਰੀ ਕੀਤੀ ਗਈ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਦੀ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਬਾਅਦ ਸਾਰੀਆਂ ਸਕੀਮਾਂ ਬੰਦ ਕਰ ਦਿੱਤੀਆਂ। ਇਸ ਮੌਕੇ ਖੁਸ਼ਪਾਲ ਸਿੰਘ ਬੀਰ ਕਲਾਂ ਸਾਬਕਾ ਚੇਅਰਮੈਨ ਮਿਲਕ ਪਲਾਂਟ ਸੰਗਰੂਰ, ਐਡਵੋਕੇਟ ਹਰਪ੍ਰੀਤ ਸਿੰਘ ਹੰਝਰਾ, ਬੂਟਾ ਸਿੰਘ ਸਰਕਲ ਪ੍ਰਧਾਨ, ਮਿੱਠਾ ਸਿੰਘ ਮਾਨ, ਨਾਰੰਗ ਸਿੰਘ ਮੌੜ, ਗੁਲਜ਼ਾਰ ਸਿੰਘ, ਮਲਕੀਤ ਸਿੰਘ, ਗੁਰਦੀਪ ਸਿੰਘ ਤੇ ਹੋਰ ਆਗੂ ਸ਼ਾਮਲ ਸਨ।