ਪੱਤਰ ਪ੍ਰੇਰਕ
ਮਾਨਸਾ, 8 ਨਵੰਬਰ
ਮਾਲਵਾ ਖੇਤਰ ਵਿੱਚ ਇਸ ਵਾਰ ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਕਾਨੂੰਨਾਂ ਖਿਲਾਫ਼ ਵਿੱਢੇ ਸੰਘਰਸ਼ ਕਾਰਨ ਪਹਿਲੀ ਅਕਤੂਬਰ ਤੋਂ ਰੇਲਵੇ ਲਾਈਨਾਂ ‘ਤੇ ਧਰਨੇ ਦੇਣ ਕਾਰਨ ਬੰਦ ਹੋਈਆਂ ਰੇਲ ਗੱਡੀਆਂ ਸਦਕਾ ਖਰੀਦ ਕੇਂਦਰਾਂ ਵਿੱਚ ਬਾਰਦਾਨੇ ਦੀ ਵੱਡੀ ਸਮੱਸਿਆ ਖੜੀ ਹੋਣ ਲੱਗੀ ਹੈ। ਬਾਰਦਾਨਾ ਨਾ ਆਉਣ ਕਾਰਨ ਸੈਂਕੜੇ ਖਰੀਦ ਕੇਂਦਰਾਂ ਵਿੱਚ ਝੋਨੇ ਦੇ ਅੰਬਾਰ ਲੱਗ ਗਏ ਹਨ। ਖਰੀਦ ਏਜੰਸੀਆਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਸਮੇਤ ਆੜ੍ਹਤੀਆਂ ਦੀ ਬਾਰਦਾਨੇ ਦੀ ਘਾਟ ਪੂਰੀ ਕਰਨ ਲਈ ਲਾਈ ਜਾ ਰਹੀ ਹਰ ਵਾਹ ਫੇਲ੍ਹ ਹੋਣ ਲੱਗੀ ਹੈ। ਪੰਜਾਬ ਸਰਕਾਰ ਦੇ ਉਪਰਾਲਿਆਂ ਨੂੰ ਵੀ ਬੂਰ ਨਹੀਂ ਪੈ ਰਿਹਾ ਹੈ। ਇਸ ਔਖ ਨਾਲ ਨਜਿੱਠਣ ਲਈ ਸਰਕਾਰ ਦੇ ਸਾਰੇ ਯਤਨ ਫੇਲ੍ਹ ਹੋਣ ਲੱਗੇ ਹਨ।
ਉਧਰ ਕਿਸਾਨਾਂ ਵੱਲੋਂ ਰੇਲਵੇ ਲਾਈਨਾਂ ਵਿਹਲੀਆਂ ਕਰਨ ਦੇ ਬਾਵਜੂਦ ਕੇਂਦਰ ਵੱਲੋਂ ਰੇਲਾਂ ਨਾ ਚਲਾਉਣ ਕਾਰਨ ਅਗਲੇ ਦਿਨਾਂ ਵਿੱਚ ਬਾਰਦਾਨੇ ਸਮੇਤ ਕਿਸਾਨਾਂ ਲਈ ਯੂਰੀਆ,ਡੀਏਪੀ ਖਾਦ ਦੀ ਵੱਡੀ ਕਿੱਲਤ ਖੜ੍ਹੀ ਹੋ ਜਾਣੀ ਹੈ।
ਜ਼ਿਲ੍ਹਾ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ ਨੇ ਦੱਸਿਆ ਕਿ ਬਾਰਦਾਨੇ ਦੀ ਸਮੱਸਿਆ ਇਕੱਲੇ ਮਾਨਸਾ ਜ਼ਿਲ੍ਹੇ ਵਿੱਚ ਨਹੀਂ, ਸਗੋਂ ਇਹ ਸਮੱਸਿਆ ਪੂਰੇ ਮਾਲਵੇ ਖੇਤਰ ਵਿੱਚ ਆ ਰਹੀ ਹੈ, ਜਿਸ ਕਾਰਨ ਮੰਡੀਆਂ ਵਿੱਚ ਝੋਨੇ ਦੇ ਵੱਡੇ-ਵੱਡੇ ਅੰਬਾਰ ਲੱਗਣ ਲੱਗੇ ਹਨ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਵੱਲੋਂ ਸਰਕਾਰੇ-ਦਰਬਾਰੇ ਅਪੀਲਾਂ ਕਰਨ ਦੇ ਬਾਵਜੂਦ ਕੋਈ ਢੁੱਕਵਾਂ ਹੱਲ ਨਹੀਂ ਨਿਕਲ ਰਿਹਾ ਹੈ ਅਤੇ ਅਗੇਤਾ ਆਇਆ ਬਾਰਦਾਨਾ ਖ਼ਤਮ ਹੋ ਗਿਆ, ਜਦੋਂ ਕਿ ਨਵੇਂ ਆਉਣ ਦੀ ਉਮੀਦ ਰੇਲਾਂ ਚੱਲਣ ਤੋਂ ਬਾਅਦ ਹੀ ਬੱਝ ਸਕਦੀ ਹੈ।
ਜਾਣਕਾਰੀ ਅਨੁਸਾਰ ਝੋਨੇ ਅਤੇ ਬਾਸਮਤੀ ਹੇਠਲਾ ਰਕਬਾ ਵਧਣ ਕਾਰਨ ਅਤੇ ਪਿਛਲੇ ਸਾਲ ਨਾਲੋਂ ਝਾੜ ਵਿੱਚ ਵਾਧਾ ਹੋਣ ਕਾਰਨ ਵੀ ਖਰੀਦ ਏਜੰਸੀਆਂ ਕੋਲ ਬਾਰਦਾਨੇ ਦੀ ਕਮੀ ਆਉਣ ਲੱਗੀ ਹੈ। ਬਾਰਦਾਨੇ ਨੂੰ ਲੈ ਕੇ ਸਰਕਾਰ ਕਸੂਤੀ ਸਥਿਤੀ ਵਿਚ ਫਸਦੀ ਜਾ ਰਹੀ ਹੈ। ਇਸ ਔਖ ਦੀ ਘੜੀ ਕਿਸਾਨ ਦੀ ਬਾਂਹ ਫੜਨ ਦਾ ਕੋਈ ਵੀ ਉਚ ਅਧਿਕਾਰੀ ਉਪਰਾਲਾ ਨਹੀਂ ਕਰ ਰਿਹਾ ਹੈ। ਮਾਨਸਾ ਦੇ ਡਿਪਟੀ ਕਮਿਸ਼ਨਰ ਮਹਿੰਦਰ ਪਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਝੋਨੇ ਦਾ ਇਕੱਲਾ-ਇਕੱਲਾ ਦਾਣਾ ਖਰੀਦਿਆ ਜਾਵੇਗਾ ਅਤੇ ਕਿਸਾਨਾਂ ਨੂੰ ਕਿਸੇ ਵੀ ਖਰੀਦ ਕੇਂਦਰ ਵਿੱਚ ਕੋਈ ਵੀ ਤਕਲੀਫ਼ ਨਹੀਂ ਆਉਣ ਦਿੱਤੀ ਜਾਵੇਗੀ।