ਮੁੰਬਈ, 16 ਜੁਲਾਈ
ਮਹਾਰਾਸ਼ਟਰ ਦੀ ਏਕਨਾਥ ਸ਼ਿੰਦੇ ਸਰਕਾਰ ਨੇ ਔਰੰਗਾਬਾਦ ਅਤੇ ਓਸਮਾਨਾਬਾਦ ਸ਼ਹਿਰਾਂ ਦੇ ਨਾਮ ਕ੍ਰਮਵਾਰ ‘ਛਤਰਪਤੀ ਸੰਭਾਜੀਨਗਰ’ ਅਤੇ ‘ਧਾਰਾਸ਼ਿਵ’ ਰੱਖਣ ਨੂੰ ਮੰਤਰੀ ਮੰਡਲ ਵਿੱਚ ਪਾਸ ਕਰ ਦਿੱਤਾ ਹੈ। ਤਤਕਾਲੀ ਮੁੱਖ ਮੰਤਰੀ ਊਧਵ ਠਾਕਰੇ ਦੀ ਅਗਵਾਈ ਵਾਲੀ ਮਹਾ ਵਿਕਾਸ ਅਗਾੜੀ ਸਰਕਾਰ ਦੀ ਪਿਛਲੀ ਕੈਬਨਿਟ ਮੀਟਿੰਗ 29 ਜੂਨ ਨੂੰ ਹੋਈ ਸੀ, ਜਿਸ ਵਿੱਚ ਇਨ੍ਹਾਂ ਸ਼ਹਿਰਾਂ ਦੇ ਨਾਮ ਬਦਲਣ ਦਾ ਫ਼ੈਸਲਾ ਲਿਆ ਗਿਆ ਸੀ। ਹਾਲਾਂਕਿ, ਸ਼ਿੰਦੇ ਅਤੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ ਕਿ ਠਾਕਰੇ ਸਰਕਾਰ ਦਾ ਇਹ ਫ਼ੈਸਲਾ ਗ਼ੈਰਕਾਨੂੰਨੀ ਸੀ ਕਿਉਂਕਿ ਇਹ ਰਾਜਪਾਲ ਵੱਲੋਂ ਵਿਧਾਨ ਸਭਾ ਵਿੱਚ ਉਨ੍ਹਾਂ ਨੂੰ ਬਹੁਮੱਤ ਸਾਬਤ ਕਰਨ ਲਈ ਕਹਿਣ ਤੋਂ ਬਾਅਦ ਲਿਆ ਗਿਆ ਸੀ। ਠਾਕਰੇ ਦੀ ਅਗਵਾਈ ਵਾਲੇ ਮੰਤਰੀ ਮੰਡਲ ਵੱਲੋਂ ਔਰੰਗਾਬਾਦ ਦਾ ਨਾਮ ‘ਸੰਭਾਜੀਨਗਰ’ ਰੱਖਿਆ ਗਿਆ ਸੀ, ਪਰ ਸ਼ਿੰਦੇ ਸਰਕਾਰ ਨੇ ਇਸ ਦੇ ਅੱਗੇ ‘ਛਤਰਪਤੀ’ ਲਾ ਦਿੱਤਾ। ਇਸ ਸਮੇਂ ਮੰਤਰੀ ਮੰਡਲ ਵਿੱਚ ਸਿਰਫ਼ ਸ਼ਿੰਦੇ ਅਤੇ ਫੜਨਵੀਸ ਹੀ ਹਨ, ਕਿਉਂਕਿ ਕੈਬਨਿਟ ਦਾ ਵਿਸਥਾਰ ਹਾਲੇ ਹੋਣਾ ਹੈ। –ਪੀਟੀਆਈ