ਨਵੀਂ ਦਿੱਲੀ, 20 ਅਪਰੈਲ
ਕੇਂਦਰ ਨੇ ਅੱਜ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਕੋਵਿਡ-19 ਲਈ ਜਾਂਚ ਵਧਾਉਣ ਅਤੇ ਗੰਭੀਰ ਹਾਲਾਤ ਨੂੰ ਦੇਖਦਿਆਂ ਅਗਲੇ ਤਿੰਨ ਹਫ਼ਤਿਆਂ ਦੇ ਲਿਹਾਜ ਨਾਲ ਆਪਣੀਆਂ ਲੈਬਾਰਟਰੀਆਂ ਤੇ ਹਸਪਤਾਲਾਂ ਦਾ ਢਾਂਚਾ ਮਜ਼ਬੂਤ ਕਰਨ। ਕੇਂਦਰੀ ਗ੍ਰਹਿ ਸਕੱਤਰ ਅਜੈ ਭੱਲਾ ਅਤੇ ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਨ ਨੇ ਕਰੋਨਾ ਬਾਰੇ ਸਮੀਖਿਆ ਮੀਟਿੰਗ ਦੌਰਾਨ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਿਖਰਲੇ ਅਧਿਕਾਰੀਆਂ ਨੂੰ ਇਹ ਸੁਨੇਹਾ ਦਿੱਤਾ। ਸਾਰੀ ਬਿਆਨ ਅਨੁਸਾਰ ਕੋਵਿਡ ਨਾਲ ਸਬੰਧਤ ਵੱਖ ਵੱਖ ਵਿਸ਼ਿਆਂ ’ਤੇ ਚਰਚਾ ਕਰਨ ਤੋਂ ਬਾਅਦ ਕੇਂਦਰੀ ਗ੍ਰਹਿ ਸਕੱਤਰ ਨੇ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ਯੂਟੀਜ਼ ’ਚ ਗੰਭੀਰ ਹਾਲਾਤ ’ਤੇ ਲਗਾਤਾਰ ਨਜ਼ਰ ਬਣਾਈ ਰੱਖਣ। ਬਿਆਨ ਅਨੁਸਾਰ ਲੋਕਾਂ ਦੀ ਆਵਾਜਾਈ ’ਤੇ ਸਖਤ ਪਾਬੰਦੀਆਂ, ਜ਼ਿਆਦਾ ਭੀੜ ਕਰਨ ’ਤੇ ਪਾਬੰਦੀ ਅਤੇ ਬਾਜ਼ਾਰਾਂ ਦਾ ਸਮਾਂ ਤੈਅ ਕਰਨ ਸਮੇਤ ਸਖ਼ਤ ਨਿਯਮ ਲਾਗੂ ਕਰਨ ਦੀ ਲੋੜ ਹੈ। ਭੱਲਾ ਨੇ ਯੂਟੀਜ਼ ਨੂੰ ਸਲਾਹ ਦਿੱਤੀ ਕਿ ਆਰਟੀ-ਪੀਸੀਆਰ ਜਾਂਚ ਵਧਾਈ ਜਾਵੇ। ਕੇਂਦਰ ਸਰਕਾਰ ਦੇ ਅਧਿਕਾਰੀਆਂ ਨੇ ਕਲੀਨਿਕਲ ਪ੍ਰਬੰਧਨ ਦੀ ਤਤਕਾਲ ਸਮੀਖਿਆ ਦੀ ਸਿਫਾਰਸ਼ ਕੀਤੀ ਹੈ। -ਪੀਟੀਆਈ