ਜੋਗਿੰਦਰ ਸਿੰਘ ਮਾਨ
ਮਾਨਸਾ, 13 ਮਈ
ਮਾਲਵਾ ਖੇਤਰ ਵਿੱਚ ਵਾਰ-ਵਾਰ ਟੁੱਟਦੀਆਂ ਨਹਿਰਾਂ ਅਤੇ ਰਜਵਾਹਿਆਂ ਦੀ ਸਫ਼ਾਈ ਲਈ ਗੰਭੀਰ ਹੋਈ ਪੰਜਾਬ ਸਰਕਾਰ ਨੇ ਜ਼ਿਲ੍ਹਾ ਅਧਿਕਾਰੀਆਂ ਨੂੰ ਪਿੰਡਾਂ ਵਿੱਚ ਜਾ ਕੇ ਸਾਉਣੀ ਦੀ ਬਿਜਾਈ ਤੋਂ ਪਹਿਲਾਂ ਕਿਨਾਰਿਆਂ ਦੀ ਮਜ਼ਬੂਤੀ ਲਈ ਵਿਸ਼ੇਸ਼ ਕਾਰਜ ਸਿਰੇ ਚੜ੍ਹਾਉਣ ਲਈ ਸਖ਼ਤੀ ਨਾਲ ਆਦੇਸ਼ ਦਿੱਤੇ ਹਨ। ਇਸ ਖੇਤਰ ਵਿੱਚ ਲੰਬੇ ਸਮੇਂ ਤੋਂ ਨਹਿਰਾਂ ਤੇ ਰਜਵਾਹਿਆਂ ਦੀ ਸਫ਼ਾਈ ਦੇ ਅੱਧ-ਵਿਚਾਲੇ ਲਟਕੇ ਕਾਰਜ ਕਾਰਨ ਹਰ ਵਾਰ ਮੌਨਸੂਨ ਦੇ ਦਿਨਾਂ ਦੌਰਾਨ ਅਕਸਰ ਨਹਿਰਾਂ ਟੁੱਟ ਜਾਂਦੀਆਂ ਹਨ, ਜਿਸ ਨਾਲ ਕਿਸਾਨਾਂ ਦੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਹੁੰਦਾ ਹੈ।
ਮਾਨਸਾ ਜ਼ਿਲ੍ਹੇ ਵਿੱਚ ਨਹਿਰਾਂ ਟੁੱਟਣ ਦੇ ਪਿਛਲੇ ਸਾਲ ਵਾਲੇ ਅੰਕੜੇ ਨੂੰ ਗੰਭੀਰਤਾ ਨਾਲ ਲੈਂਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੇ ਨਹਿਰਾਂ ਦੀ ਸਫ਼ਾਈ ਅਤੇ ਕਿਨਾਰਿਆਂ ਦੀ ਮਜ਼ਬੂਤੀ ਲਈ ਵੱਖ-ਵੱਖ ਪਿੰਡਾਂ ਵਿੱਚ ਮਗਨਰੇਗਾ ਸਕੀਮ ਤਹਿਤ ਪੰਚਾਇਤਾਂ ਨੂੰ ਵਿਸ਼ੇਸ ਕਾਰਜ ਆਰੰਭਣ ਲਈ ਆਦੇਸ਼ ਜਾਰੀ ਕੀਤੇ ਹੋਏ ਹਨ, ਜਿਸ ਤਹਿਤ ਵੱਖ-ਵੱਖ ਪਿੰਡਾਂ ਵਿੱਚ ਮਗਨਰੇਗਾ ਸਕੀਮ ਤਹਿਤ ਨਹਿਰਾਂ ਦੀ ਸਾਫ਼ ਸਫ਼ਾਈ ਦੇ ਚੱਲ ਰਹੇ ਕਾਰਜਾਂ ਦਾ ਜਾਇਜ਼ਾ ਲੈਣ ਲਈ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਟੀ. ਬੈਨਿਥ ਨੇ ਇਨ੍ਹਾਂ ਨਹਿਰਾਂ ਤੇ ਰਜਵਾਹਿਆਂ ਦੇ ਕਿਨਾਰੇ ਪੱਕੇ ਕਰਨ ਤੇ ਸਾਫ਼-ਸਫ਼ਾਈ ਸਬੰਧੀ ਚੱਲ ਰਹੇ ਕੰਮ ਵਾਲੀਆਂ ਥਾਵਾਂ ਦੇ ਦੌਰੇ ਕਰ ਕੇ ਕੰਮ ਦਾ ਜਾਇਜ਼ਾ ਲਿਆ। ਉਨ੍ਹਾਂ ਅੱਧੀ ਦਰਜਨ ਤੋਂ ਵੱਧ ਪਿੰਡਾਂ ਵਿੱਚ ਜਾ ਕੇ ਮੌਕੇ ’ਤੇ ਸਥਿਤੀ ਨੂੰ ਪੜਤਾਲਿਆ।
ਸ੍ਰੀ ਬੈਨਿਥ ਨੇ ਨਹਿਰੀ ਕੰਮਾਂ ਦਾ ਜਾਇਜ਼ਾ ਲੈਣ ਵੇਲੇ ਮੌਕੇ ’ਤੇ ਮੌਜੂਦ ਸਟਾਫ ਨੂੰ ਮਗਨਰੇਗਾ ਸਕੀਮ ਅਧੀਨ ਚੱਲ ਰਹੇ ਕੰਮਾਂ ਨੂੰ ਹੋਰ ਪਾਰਦਰਸ਼ੀ ਬਣਾਉਣ ਲਈ ਮਜ਼ਦੂਰਾਂ ਦੀ ਹਾਜ਼ਰੀ ਮੋਬਾਈਲ ਮੌਨੀਟਰਿੰਗ ਸਿਸਟਮ ਰਾਹੀਂ ਲਗਾਉਣ ਦੀ ਹਦਾਇਤ ਕੀਤੀ।
ਉਨ੍ਹਾਂ ਕਿਹਾ ਕਿ ਟੇਲਾਂ ’ਤੇ ਪਾਣੀ ਨੂੰ ਪਹੁੰਚਾਉਣ ਅਤੇ ਹਰ ਖੇਤ ਨੂੰ ਪਾਣੀ ਪਹੁੰਚਦਾ ਕਰਨ ਲਈ ਨਹਿਰੀ ਸੂਇਆਂ ਦੀ ਸਾਫ਼ ਸਫ਼ਾਈ ਸਮਾਂਬੱਧ ਢੰਗ ਨਾਲ ਕਰਨੀ ਜ਼ਰੂਰੀ ਹੈ, ਜਿਸ ਲਈ ਸਬੰਧਤ ਅਧਿਕਾਰੀਆਂ ਵੱਲੋਂ ਮਗਰਨੇਗਾ ਕੰਮਾਂ ਦਾ ਆਪਣੇ ਪੱਧਰ ’ਤੇ ਵੀ ਨਿਰੀਖਣ ਕੀਤਾ ਜਾਵੇ।
ਉਨ੍ਹਾਂ ਮੌਕੇ ’ਤੇ ਹਾਜ਼ਰ ਮਗਨਰੇਗਾ ਤਹਿਤ ਰਜਿਸਟਰਡ ਜੌਬ ਕਾਰਡ ਧਾਰਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਸਬੰਧਤ ਅਧਿਕਾਰੀਆਂ ਨੂੰ ਜੌਬ ਕਾਰਡ ਧਾਰਕ ਮਜ਼ਦੂਰਾਂ ਨੂੰ ਲੋੜੀਂਦੀਆਂ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਉਣ ਦੇ ਆਦੇਸ਼ ਜਾਰੀ ਕੀਤੇ। ਇਸ ਦੇ ਨਾਲ ਹੀ ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਹਰੇਕ ਜੌਬ ਕਾਰਡ ਉੱਤੇ ਦਿਹਾੜੀਆਂ ਦੀ ਹਾਜ਼ਰੀ ਲਗਾਉਣੀ ਯਕੀਨੀ ਬਣਾਈ ਜਾਵੇ।