ਪੱਤਰ ਪ੍ਰੇਰਕ
ਬਰੇਟਾ, 27 ਫਰਵਰੀ
ਸਥਾਨਕ ਜਾਖਲ ਰੋਡ ’ਤੇ ਪਿੰਡ ਖੁਡਾਲ ਕਲਾਂ ਨੇੜੇ ਇੱਕ ਵਰਨਾ ਕਾਰ ਤੇ ਦੋ ਮੋਟਰਸਾਈਕਲਾਂ ਵਿਚਾਲੇ ਹੋਈ ਟੱਕਰ ਵਿੱਚ ਮੋਟਰਸਾਈਕਲ ਸਵਾਰ ਦੋ ਜਣਿਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਮੋਹਨ ਸਿੰਘ ਤੇ ਬਲਜੀਤ ਸਿੰਘ ਵਜੋਂ ਹੈ। ਉਹ ਫਰਨੀਚਰ ਦੀ ਦੁਕਾਨ ’ਤੇ ਕੰਮ ਕਰਦੇ ਸਨ ਅਤੇ ਹਰਿਆਣਾ ਦੇ ਪਿੰਡ ਸਿਧਾਨੀ ਦੇ ਵਸਨੀਕ ਸਨ। ਬੀਤੀ ਰਾਤ ਜਦੋਂ ਉਹ ਪਿੰਡ ਵਾਪਸ ਜਾ ਰਹੇ ਸਨ ਤਾਂ ਇਹ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਤਿੰਨ ਵਿਅਕਤੀ ਜ਼ਖ਼ਮੀ ਵੀ ਹੋਏ ਹਨ। ਮ੍ਰਿਤਕਾਂ ਅਤੇ ਜ਼ਖ਼ਮੀਆਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਅੱਜ ਕਾਰ ਸਵਾਰ ਵਿਰੁੱਧ ਕਾਰਵਾਈ ਕਰਨ ਅਤੇ ਪੀੜਤਾਂ ਲਈ ਮੁਆਵਜ਼ੇ ਦੀ ਮੰਗ ਸਬੰਧੀ ਪਿੰਡ ਖੁਡਾਲ ਨੇੜੇ ਮੁੱਖ ਸੜਕ ’ਤੇ ਧਰਨਾ ਲਾ ਕੇ ਆਵਾਜਾਈ ਰੋਕੀ ਗਈ। ਅਧਿਆਪਕ ਜਸਵੀਰ ਸਿੰਘ ਖੁਡਾਲ ਨੇ ਦੱਸਿਆ ਕਿ ਖੁਡਾਲ ਕਲਾਂ ਦੇ ਵਸਨੀਕਾਂ ਨੇ ਪੀੜਤ ਪਰਿਵਾਰਾਂ ਦੇ ਮੈਂਬਰਾਂ ਨਾਲ ਰਲ ਕੇ ਕਾਰ ਚਾਲਕ ਵਿਰੁੱਧ ਕਾਰਵਾਈ ਕਰਨ ਅਤੇ ਮੁਆਵਜ਼ੇ ਦੀ ਮੰਗ ਸਬੰਧੀ ਮੁੱਖ ਸੜਕ ’ਤੇ ਧਰਨਾ ਲਗਾਇਆ। ਇਸ ਮੌਕੇ ਵੱਖ-ਵੱਖ ਜਥੇਬੰਦੀਆਂ ਵੱਲੋਂ ਵੀ ਉਨ੍ਹਾਂ ਦਾ ਸਾਥ ਦਿੱਤਾ ਗਿਆ। ਧਰਨਾਕਾਰੀਆਂ ਨੇ ਇਸ ਮੌਕੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਪੁਲੀਸ ਦਾ ਕਹਿਣਾ ਸੀ ਕਿ ਹਾਦਸੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ।