ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 18 ਮਾਰਚ
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਸ਼ੁਰੂ ਹੋਏ ਤਿੰਨ ਦਿਨਾ ਬਸੰਤ ਬਹਾਰ ਫੁੱਲਾਂ ਅਤੇ ਪੌਦਿਆਂ ਦੇ ਉਤਸਵ ਦਾ ਰਸਮੀ ਉਦਘਾਟਨ ਕਰਦਿਆਂ ਅੱਜ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੇ ਕਿਹਾ ਕਿ ਕੁਦਰਤ ਤੋਂ ਦੂਰ ਹੋਣ ਦਾ ਖਮਿਆਜ਼ਾ ਹੀ ਅੱਜ ਸਾਰਾ ਵਿਸ਼ਵ ਭੁਗਤ ਰਿਹਾ ਹੈ। ਉਨ੍ਹਾਂ ਕਿਹਾ ਕਿ ਮਨੁੱਖੀ ਹੋਂਦ ਨੂੰ ਬਚਾਈ ਰੱਖਣ ਦੇ ਸੰਕਲਪ ਨੂੰ ਅੱਗੇ ਲਿਜਾਣ ਲਈ ਜ਼ਰੂਰੀ ਹੈ ਕਿ ਹਰ ਪੱਧਰ ’ਤੇ ਮਨੁੱਖ ਨੂੰ ਕੁਦਰਤ ਦੇ ਨਾਲ ਕਿਸੇ ਤਰ੍ਹਾਂ ਵੀ ਖਿਲਵਾੜ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਕੈਂਪਸ ਵਿਚ ਪਿਛਲੇ ਲੰਬੇ ਸਮੇਂ ਤੋਂ ਵਾਤਾਵਰਣ ਨੂੰ ਹੋਰ ਖੂਬਸੂਰਤ ਬਣਾਉਣ ਲਈ ਵੱਖ ਵੱਖ ਉਪਰਾਲੇ ਕੀਤੇ ਗਏ ਹਨ, ਜਿਨ੍ਹਾਂ ਵਿਚ ਫੁੱਲਾਂ ਦੀਆਂ ਕਿਆਰੀਆਂ, ਪਾਰਕਾਂ ਬਣਾਉਣ ਤੋਂ ਇਲਾਵਾ ਵੱਡੀ ਸੰਖਿਆ ਵਿਚ ਫਲਾਂ, ਫੁੱਲਾਂ, ਛਾਂਦਾਰ ਅਤੇ ਦਵਾਈਆਂ ਵਾਲੇ ਪੌਦਿਆਂ ਨੂੰ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵਿਚ ਸਾਲ ਵਿਚ ਦੋ ਵਾਰ ਫੁੱਲਾਂ ਅਤੇ ਪੌਦਿਆਂ ਦਾ ਮੁੇਲਾ ਕਰਵਾਉਣ ਦਾ ਮੰਤਵ ਵੀ ਵਿਦਿਆਰਥੀਆਂ ਦੇ ਨਾਲ ਨਾਲ ਆਮ ਲੋਕਾਂ ਵਿਚ ਜਾਗ੍ਰਤੀ ਪੈਦਾ ਕਰਨਾ ਹੈ ਤਾਂ ਕਿ ਉਹ ਆਪਣੇ ਘਰਾਂ ਅਤੇ ਚੌਗਿਰਦੇ ਨੂੰ ਖੂਬਸੂਰਤ ਬਣਾਉਣ ਲਈ ਫੁੱਲਾਂ ਫਲਾਂ ਵਾਲੇ ਪੌਦੇ ਲਾਉਣ।
ਉਨ੍ਹਾਂ ਯੂਨੀਵਰਸਿਟੀ ਦੇ ਲੈਂਡਸਕੇਪ ਵਿਭਾਗ ਦੀ ਟੀਮ ਵੱਲੋਂ ਕਰਵਾਏ ਜਾ ਰਹੇ ਇਸ ਬਸੰਤ ਬਹਾਰ ਉਤਸਵ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਾਲਜਾਂ ਅਤੇ ਸਕੂਲਾਂ ਦੇ ਮੁਖੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਅਜਿਹੇ ਪ੍ਰੋਗਰਾਮ ਕਰਵਾਉਂਦੇ ਰਹਿਣ ਤਾਂ ਜੋ ਕੁਦਰਤ ਨਾਲ ਪ੍ਰੇਮ ਬਰਕਰਾਰ ਰਹੇ ਅਤੇ ਮਨੁੱਖ ਕੋਵਿਡ ਜਿਹੀਆਂ ਮਹਾਂਮਾਰੀਆਂ ਤੋਂ ਬਚਿਆ ਰਹੇ। ਉਨ੍ਹਾਂ ਕਿਹਾ ਕਿ ਫੁੱਲ ਕੁਦਰਤ ਦੇ ਰਹੱਸ ਨੂੰ ਰੂਪਮਾਨ ਕਰਦੇ ਹਨ ਅਤੇ ਮਨੁੱਖ ਨੂੰ ਵੀ ਫੁੱਲਾਂ ਵਾਂਗ ਖਿੜਨਾ ਅਤੇ ਮਹਿਕਾਂ ਵੰਡਣ ਦਾ ਵਲ ਸਿੱਖਣਾ ਚਾਹੀਦਾ ਹੈ। ਯੂਨੀਵਰਸਿਟੀ ਦੇ ਕੰਸਲਟੈਂਟ ਹੌਰਟੀਕਲਚਰ ਡਾ. ਜੇ.ਐਸ. ਬਿਲਗਾ ਨੇ ਕਿਹਾ ਕਿ ਫੁੱਲਾਂ ਦੀਆਂ ਕਿਸਮਾਂ ਵਿਚ 193 ਐਂਟਰੀਆਂ ਹੋਈਆਂ ਹਨ ਜਦੋਂਕਿ ਖੂਬਸੂਰਤ ਸਜ਼ਾਵਟੀ ਪੱਤਿਆਂ ਵਾਲੇ ਪੌਦਿਆਂ ਦੇ ਵਰਗ ਵਿਚ 145, ਕੈਕਟਸ ਵਿਚ 38 ਅਤੇ ਰੰਗੋਲੀ ਵਿਚ 18 ਐਂਟਰੀਆਂ ਹੋਈਆਂ ਹਨ। ਮੁਖੀ ਐਗਰੀਕਲਚਰ ਵਿਭਾਗ ਡਾ. ਸਨੇਹਦੀਪ ਕੌਰ, ਮੁਖੀ ਬੋਟਾਨੀਕਲ ਐਂਡ ਇਨਵਾਇਰਨਮੈਂਟਲ ਵਿਭਾਗ ਡਾ. ਜਤਿੰਦਰ ਕੌਰ ਅਤੇ ਆਰਕੀਟੈਕਚਰ ਵਿਭਾਗ ਡਾ. ਰਾਵਲ ਸਿੰਘ, ਜੱਜਾਂ ਵੱਲੋਂ ਦੇਰ ਸ਼ਾਮ ਤਕ ਨਤੀਜਿਆਂ ਦਾ ਐਲਾਨ ਕਰ ਦਿੱਤਾ ਜਾਵੇਗਾ।