ਪੱਤਰ ਪ੍ਰੇਰਕ
ਲਹਿਰਾਗਾਗਾ, 3 ਜਨਵਰੀ
ਇਥੇ ਬਾਬਾ ਹੀਰਾ ਸਿੰਘ ਭੱਠਲ ਇੰਜਨੀਅਰਿੰਗ ਕਾਲਜ ਲਹਿਰਾਗਾਗਾ ਦੇ ਕਰਮਚਾਰੀਆਂ ਨੂੰ ਪਿਛਲੇ 31 ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਰਕੇ ਭਰਾਤਰੀ ਜਥੇਬੰਦੀ ਦੇ ਸਹਿਯੋਗ ਨਾਲ ਕਾਲਜ ਤੋਂ ਬਾਜ਼ਾਰ ’ਚ ਨਾਅਰੇਬਾਜ਼ੀ ਕਰਕੇ ਰੋਸ ਰੈਲੀ ਕੱਢੀ ਤੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇ ਮੰਗਲਵਾਰ ਤੱਕ ਤਨਖਾਹ ਖਾਤਿਆਂ ’ਚ ਨਾ ਪਾਈ ਤਾਂ ਸੰਘਰਸ਼ ਨੂੰ ਤਿੱਖਾ ਕੀਤਾ ਜਾਵੇਗਾ। ਅੱਜ ਦੀ ਰੋਸ ਰੈਲੀ ’ਚ ਕਾਲਜ ਕਰਮਚਾਰੀ, ਵਿਦਿਆਰਥੀ, ਬੀਕੇਯੂ ਏਕਤਾ ਉਗਰਾਹਾਂ, ਸਫਾਈ ਸੇਵਕ ਯੂਨੀਅਨ ਨੇ ਸਮਰਥਨ ਕਰਦੇ ਹੋਏ ਕਾਲੇ ਝੰਡੇ ਲੈ ਕੇ ਬੀਬੀ ਭੱਠਲ ਤੇ ਪੰਜਾਬ ਸਰਕਾਰ ਦਾ ਵਿਰੋਧ ਕੀਤਾ। ਕਾਲਜ ਕਰਮਚਾਰੀ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਪਿਛਲੇ 31 ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਾਰਨ ਉਨ੍ਹਾਂ ਦੇ ਪਰਿਵਾਰ ਬੱਚਿਆਂ ਦੀ ਫੀਸਾਂ ਭਰਨ ਤੇ ਸੌਦਾ ਉਧਾਰ ਲੈਣ ਤੋਂ ਅਸਮਰਥ ਹਨ। ਲੈਕਚਾਰਾਰ ਕਮਲ ਗਰਗ, ਰਾਜ ਕੁਮਾਰ, ਕੁਲਦੀਪ ਕੌਰ, ਸੁਨੀਤਾ ਰਾਣੀ, ਮੀਨਾਕਸ਼ੀ, ਵਿਦਿਆਰਥਣ ਪਰਮਜੀਤ ਕੌਰ, ਮਨਦੀਪ ਕੌਰ, ਬੀਕੇਯੂ ਦੇ ਬਲਾਕ ਮੀਤ ਪ੍ਰਧਾਨ ਸੂਬਾ ਸਿੰਘ ਸੰਗਤਪੁਰਾ, ਗੁਰਚਰਨ ਸਿੰਘ ਖੋਖਰ ਆਦਿ ਦਾ ਕਹਿਣਾ ਹੈ ਕਿ ਬਾਬਾ ਹੀਰਾ ਸਿੰਘ ਭੱਠਲ ਕਾਲਜ ਦਾ ਸਟਾਫ ਇਕੱਤੀ ਮਹੀਨਿਆਂ ਤੋਂ ਤਨਖਾਹ ਨਾ ਮਿਲਣ ਤੋਂ ਤੰਗ ਹੈ।
ਉਨ੍ਹਾਂ ਕਿਹਾ ਕਿ ਬੀਬੀ ਰਾਜਿੰਦਰ ਕੌਰ ਭੱਠਲ ਨੇ ਪੰਜਾਬ ਸਰਕਾਰ ਨੂੰ ਕਾਲਜ ਬੰਦ ਨਾ ਕਰਨ ਤੇ ਕਰਮਚਾਰੀਆਂ ਦੀਆਂ ਤਨਖਾਹਾਂ ਦਿਵਾਉਣ ਦੇ ਦਾਅਵੇ ਕਰਕੇ ਧੰਨਵਾਦੀ ਬੋਰਡ ਲਾਏ। ਇਸ ਸੈਸ਼ਨ ਲਈ ਵਿਦਿਅਿਾਰਥੀ ਵੀ ਦਾਖਲ ਕੀਤੇ ਗਏ ਤੇ ਨਵਾਂ ਪ੍ਰਿੰਸੀਪਲ ਵੀ ਨਿਯੁਕਤ ਕੀਤਾ ਗਿਆ।