ਮਿਹਰ ਸਿੰਘ
ਕੁਰਾਲੀ, 16 ਫਰਵਰੀ
ਪਿੰਡ ਗੁਲਾਬਆਣਾ ਵਿਚ ਮਾਤਾ ਕੈਲਮ ਦੇਵੀ ਦੇ ਅਸਥਾਨ ’ਤੇ ਸਾਲਾਨਾ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ, ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ, ਅਕਾਲੀ ਦਲ ਦੇ ਹਲਕਾ ਇੰਚਾਰਜ ਰਣਜੀਤ ਸਿੰਘ ਗਿੱਲ ਤੇ ਕਈ ਹੋਰ ਆਗੂਆਂ ਨੇ ਹਾਜ਼ਰੀ ਭਰੀ। ਵੱਡੀ ਗਿਣਤੀ ’ਚ ਸੰਗਤ ਨੇ ਇਸ ਮੌਕੇ ਹੋਏ ਧਾਰਮਿਕ ਪ੍ਰੋਗਰਾਮਾਂ ਦਾ ਅਨੰਦ ਮਾਣਿਆ। ਮੰਦਰ ਦੀ ਪ੍ਰਬੰਧਕੀ ਕਮੇਟੀ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਕਰਵਾਏ ਇਸ ਸਮਾਗਮ ਦੌਰਾਨ ਪਾਠ ਦੇ ਭੋਗ ਪਾਏ ਗਏ। ਭਜਨ ਮੰਡਲੀਆਂ ਨੇ ਭਜਨ ਕੀਰਤਨ ਕੀਤਾ ਤੇ ਸੁਰਜੀਤ ਸਿੰਘ ਰਾਜਪੂਤਾਂ ਦੇ ਗੌਰਵਮਈ ਇਤਿਹਾਸ ਬਾਰੇ ਦੱਸਿਆ। ਸੰਗਤ ਨੂੰ ਮਾਤਾ ਕੈਲਮ ਦੇਵੀ ਵੱਲੋਂ ਸਮਾਜਿਕ ਕਦਰਾਂ ਕੀਮਤਾਂ ਦੀ ਬਹਾਲੀ ਲਈ ਦਿੱਤੀ ਕੁੁਰਬਾਨੀ ਸਬੰਧੀ ਜਾਣੂ ਕਰਵਾਇਆ। ਇਸ ਮੌਕੇ ਰਾਣਾ ਕੇਪੀ ਸਿੰਘ ਤੇ ਬਲਬੀਰ ਸਿੰਘ ਸਿੱਧੂ ਨੇ ਮਾਤਾ ਕੈਲਮ ਦੇਵੀ ਦੀ ਬਹਾਦਰੀ ਨੂੰ ਜੀਵਨ ਦਾ ਮਾਰਗ ਦਰਸ਼ਕ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਸੰਗਤ ਨੂੰ ਮੁਬਾਰਕਬਾਦ ਦਿੱਤੀ ਤੇ ਪ੍ਰਬੰਧਕ ਕਮੇਟੀ ਨੂੰ ਇਸ ਅਸਥਾਨ ਦੇ ਵਿਕਾਸ ਲਈ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ। ਜਗਮੋਹਨ ਸਿੰਘ ਕੰਗ, ਰਣਜੀਤ ਸਿੰਘ ਗਿੱਲ ਤੇ ਹੋਰਨਾਂ ਨੇ ਕਿਹਾ ਕਿ ਸਾਰੇ ਧਰਮ ਸਮਾਜ ਨੂੰ ਜੋੜਦੇ ਹਨ।