ਗੁਰਦੀਪ ਸਿੰਘ ਲਾਲੀ
ਸੰਗਰੂਰ, 27 ਫਰਵਰੀ
ਸ਼ਹਿਰ ਦੇ ਬੱਸ ਸਟੈਂਡ ਨੇੜਲਾ ਚੌਕ ਕਹਿਣ ਨੂੰ ਤਾਂ ਲਾਲ ਬੱਤੀ ਚੌਕ ਅਖਵਾਉਂਦਾ ਹੈ ਪਰ ਪਿਛਲੇ ਕਈ ਸਾਲਾਂ ਤੋਂ ਇਸ ਚੌਕ ਦੀ ਬੱਤੀ ਗੁੱਲ ਹੈ। ਸ਼ਹਿਰ ਅੰਦਰ ਬੱਸ ਸਟੈਂਡ ਦੇ ਨਜ਼ਦੀਕ ਮੁੱਖ ਬਾਜ਼ਾਰ ਨੂੰ ਜਾਂਦੀ ਸੜਕ ਦੇ ਚੌਕ ਵਿੱਚ ਟਰੈਫ਼ਿਕ ਨੂੰ ਕੰਟਰੋਲ ਕਰਨ ਲਈ ਲਾਈਟਾਂ ਲਗਾਈਆਂ ਸਨ ਜਿਸ ਨੂੰ ਲਾਲ ਬੱਤੀ ਚੌਕ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਪਰ ਇਹ ਚੌਕ ਹੁਣ ਮੁਜ਼ਾਹਰਿਆਂ ਵਾਲਾ ਚੌਕ ਬਣਿਆ ਹੋਇਆ ਹੈ।
ਲੰਮਾ ਸਮਾਂ ਪਹਿਲਾਂ ਸ਼ਹਿਰ ’ਚ ਟਰੈਫ਼ਿਕ ਲਾਈਟਾਂ ਇਸ ਚੌਕ ਵਿੱਚ ਲਗਾਈਆਂ ਗਈਆਂ ਸਨ ਪਰ ਥੋੜ੍ਹੇ ਸਮੇਂ ਬਾਅਦ ਹੀ ਇਨ੍ਹਾਂ ਦੀ ਬੱਤੀ ਗੁੱਲ ਹੋ ਗਈ ਸੀ। ਕਾਫ਼ੀ ਸਮਾਂ ਬੰਦ ਰਹਿਣ ਮਗਰੋਂ ਫਿਰ ਇਸ ਨੂੰ ਨਵੇਂ ਸਿਰੇ ਤੋਂ ਮੁਰੰਮਤ ਕਰਵਾ ਕੇ ਚਾਲੂ ਕੀਤਾ ਗਿਆ ਪਰ ਮੁੜ ਬੰਦ ਹੋਣ ਕਾਰਨ ਪਰਨਾਲਾ ਉੱਥੇ ਦਾ ਉੱਥੇ ਹੀ ਰਹਿ ਗਿਆ ਅਤੇ ਇਹ ਲਾਈਟਾਂ ਚਿੱਟਾ ਹਾਥੀ ਹੀ ਬਣ ਕੇ ਰਹਿ ਗਈਆਂ ਹਨ। ਕਦੇ ਵੀ ਪ੍ਰਸ਼ਾਸਨ ਅਤੇ ਨਗਰ ਕੌਂਸਲ ਵੱਲੋਂ ਇਨ੍ਹਾਂ ਲਾਈਟਾਂ ਨੂੰ ਚਾਲੂ ਕਰਨ ਦੀ ਲੋੜ ਹੀ ਨਹੀਂ ਸਮਝੀ ਗਈ। ਹੁਣ ਇਹ ਲਾਈਟਾਂ ਦੇ ਪੋਲ ਸਿਰਫ਼ ਸੀਸੀਟੀਵੀ ਕੈਮਰਿਆਂ ਨੂੰ ਸੰਭਾਲਣ ਦਾ ਹੀ ਕੰਮ ਕਰਦੇ ਨਜ਼ਰ ਆਉਂਦੇ ਹਨ। ਇਸ ਲਾਲ ਬੱਤੀ ਚੌਕ ਦੀਆਂ ਚਾਰੋ ਸੜਕਾਂ ਸ਼ਹਿਰ ਦੇ ਮੁੱਖ ਬਾਜ਼ਾਰ, ਡੀਸੀ ਕੰਪਲੈਕਸ, ਬੱਸ ਸਟੈਂਡ ਅਤੇ ਕੌਮੀ ਸ਼ਾਹਰਾਹ ’ਤੇ ਪੈਂਦੇ ਭਗਵਾਨ ਮਹਾਂਵੀਰ ਚੌਕ ਨੂੰ ਜੋੜਦੀਆਂ ਹਨ ਪਰ ਫ਼ਿਰ ਵੀ ਇਨ੍ਹਾਂ ਦੀ ਕਦੇ ਸਾਰ ਨਹੀਂ ਲਈ ਗਈ।
ਇਹ ਲਾਲ ਬੱਤੀ ਚੌਕ ਪਿਛਲੇ ਕਾਫ਼ੀ ਸਮੇਂ ਤੋਂ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਦੇ ਸੰਘਰਸ਼ਾਂ ਦਾ ਕੇਂਦਰ ਬਿੰਦੂ ਬਣਿਆ ਹੋਇਆ ਹੈ। ਇਸ ਚੌਕ ’ਚ ਅਕਸਰ ਹੀ ਧਰਨੇ-ਪ੍ਰਦਰਸ਼ਨ ਹੁੰਦੇ ਰਹਿੰਦੇ ਹਨ ਕਿਉਂਕਿ ਇਹ ਚੌਕ ਡੀਸੀ ਕੰਪਲੈਕਸ ਤੋਂ ਕੁਝ ਕੁ ਦੂਰੀ ’ਤੇ ਸਥਿਤ ਹੈ।
ਚੌਕ ਦੀ ਬੱਤੀ ਗੁੱਲ ਹੋਣ ਕਾਰਨ ਇੱਥੇ ਟਰੈਫ਼ਿਕ ਪੁਲੀਸ ਦੇ ਮੁਲਾਜ਼ਮ ਹਮੇਸ਼ਾ ਤਾਇਨਾਤ ਰਹਿੰਦੇ ਹਨ ਕਿਉਂਕਿ ਆਵਾਜਾਈ ਵੱਧ ਹੋਣ ਕਾਰਨ ਇੱਥੇ ਅਕਸਰ ਹੀ ਜਾਮ ਲੱਗ ਜਾਂਦੇ ਹਨ। ਅਜਿਹੇ ਹਾਲਾਤ ਦੇ ਮੱਦੇਨਜ਼ਰ ਨਾ ਤਾਂ ਕਦੇ ਚੌਕ ਦੀ ਲਾਲ ਬੱਤੀ ਕੁੰਭਕਰਨੀ ਨੀਂਦ ਤੋਂ ਜਾਗੀ ਹੈ ਅਤੇ ਨਾ ਹੀ ਪ੍ਰਸ਼ਾਸਨ ਜਾਂ ਨਗਰ ਕੌਂਸਲ ਨੇ ਲਾਲ ਬੱਤੀ ਜਗਾਉਣ ਦੀ ਲੋੜ ਸਮਝੀ।