ਬੰਗਲੁਰੂ: ਕੰਨੜ ਸਿਨੇਮਾ ਦੇ ਸਟਾਰ ਤੇ ਟੈਲੀਵਿਜ਼ਨ ਦੀ ਮਸ਼ਹੂਰ ਸ਼ਖ਼ਸੀਅਤ ਪੁਨੀਤ ਰਾਜਕੁਮਾਰ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਹੈ। ਉਹ 46 ਵਰ੍ਹਿਆਂ ਦੇ ਸਨ। ਉਨ੍ਹਾਂ ਨੂੰ ‘ਅੱਪੂ’, ‘ਵੀਰਾ ਕੰਨਾੜੀਗਾ’ ਤੇ ‘ਮੌਰੀਆ’ ਵਰਗੀਆਂ ਫ਼ਿਲਮਾਂ ਲਈ ਯਾਦ ਕੀਤਾ ਜਾਵੇਗਾ। ਪੁਨੀਤ ਸਰੀਰਕ ਫਿਟਨੈੱਸ ’ਤੇ ਕਾਫ਼ੀ ਧਿਆਨ ਦਿੰਦੇ ਸਨ। ਅੱਜ ਜਿਮ ਵਿਚ ਦੋ ਘੰਟੇ ਕਸਰਤ ਕਰਨ ਮਗਰੋਂ ਉਨ੍ਹਾਂ ਛਾਤੀ ਵਿਚ ਦਰਦ ਦੀ ਸ਼ਿਕਾਇਤ ਕੀਤੀ ਤੇ ਹਸਪਤਾਲ ਲਿਜਾਇਆ ਗਿਆ। ਥੋੜ੍ਹੀ ਦੇਰ ਬਾਅਦ ਹੀ ਪੁਨੀਤ ਦੀ ਮੌਤ ਹੋ ਗਈ। ਪਰਿਵਾਰ ਵਿਚ ਉਨ੍ਹਾਂ ਦੀ ਪਤਨੀ ਅਸ਼ਿਵਨੀ ਤੋਂ ਇਲਾਵਾ ਦੋ ਧੀਆਂ ਹਨ। ਮੌਤ ਦੀ ਖ਼ਬਰ ਮਿਲਣ ’ਤੇ ਪ੍ਰਸ਼ੰਸਕ ਵੱਡੀ ਗਿਣਤੀ ਵਿਚ ਹਸਪਤਾਲ ਦੇ ਬਾਹਰ ਜਮ੍ਹਾ ਹੋ ਗਏ। ਪੁਨੀਤ ਦੇ ਪਿਤਾ ਰਾਜਕੁਮਾਰ ਵੀ ਥੀਏਟਰ-ਫ਼ਿਲਮ ਕਲਾਕਾਰ ਸਨ ਤੇ ਲੋਕਾਂ ਵਿਚ ਬੇਹੱਦ ਹਰਮਨਪਿਆਰੇ ਸਨ। ਪਿਤਾ ਤੇ ਪਰਛਾਵੇਂ ਵਿਚੋਂ ਨਿਕਲ ਪੁਨੀਤ ਨੇ ਕੰਨੜ ਫ਼ਿਲਮ ਜਗਤ ਵਿਚ ਆਪਣੇ ਲਈ ਵੱਖਰੀ ਥਾਂ ਬਣਾਈ ਸੀ। ਪੁਨੀਤ ਦਾ ਸਸਕਾਰ ਪੂਰੇ ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇਗਾ ਤੇ ਆਖ਼ਰੀ ਰਸਮਾਂ ਬਾਰੇ ਫ਼ੈਸਲਾ ਪਰਿਵਾਰ ਲਏਗਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਰਨਾਟਕ ਦੇ ਮੁੱਖ ਮੰਤਰੀ ਬਾਸਵਰਾਜ ਬੋਮਈ, ਕੇਂਦਰੀ ਮੰਤਰੀ ਨਿਰਮਲਾ ਸੀਤਾਰਾਮਨ, ਸੁਪਰਸਟਾਰ ਚਿਰੰਜੀਵੀ, ਮਹੇਸ਼ ਬਾਬੂ, ਪ੍ਰਕਾਸ਼ ਰਾਜ, ਅਭਿਸ਼ੇਕ ਬੱਚਨ, ਸੋਨੂੰ ਸੂਦ, ਅਭਿਨੇਤਰੀ ਪਾਰਵਤੀ, ਨਿਰਮਾਤਾ ਪ੍ਰਿਥਵੀਰਾਜ ਸੁਕੁਮਾਰਨ, ਗਾਇਕਾ ਸ਼੍ਰੇਆ ਘੋਸ਼ਾਲ ਤੇ ਹੋਰਾਂ ਨੇ ਪੁਨੀਤ ਦੇ ਅਚਾਨਕ ਦੇਹਾਂਤ ਉਤੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ। -ਪੀਟੀਆਈ