ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 2 ਸਤੰਬਰ
ਰੈੱਡ ਕਰਾਸ ਵਿੱਚ ਸਥਾਪਤ ਕੀਤੇ ਪੰਘੂੜੇ ਵਿੱਚ ਨਵਜੰਮੀ ਬੱਚੀ ਦੀ ਆਮਦ ਹੋਈ। ਕੋਈ ਵਿਅਕਤੀ ਬੀਤੀ ਰਾਤ ਨਵਜੰਮੀ ਬੱਚੀ ਨੂੰ ਛੱਡ ਗਿਆ ਸੀ। ਇਸ ਬੱਚੀ ਦਾ ਪ੍ਰਬੰਧਕਾਂ ਵੱਲੋਂ ਮੈਡੀਕਲ ਕਰਵਾਇਆ ਗਿਆ ਅਤੇ ਇਸ ਵੇਲੇ ਇਹ ਬੱਚੀ ਬਿਲਕੁਲ ਤੰਦਰੁਸਤ ਹੈ। ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਸਾਲ 2008 ਵਿੱਚ ਲਾਵਾਰਿਸ ਬੱਚਿਆਂ ਦੀ ਜਾਨ ਬਚਾਉਣ ਲਈ ਰੈੱਡ ਕਰਾਸ ਦੀ ਸਹਾਇਤਾ ਨਾਲ ਸ਼ੁਰੂ ਕੀਤੀ ਗਈ ਪੰਘੂੜਾ ਸਕੀਮ ਹੁਣ ਤੱਕ 187 ਬੱਚਿਆਂ ਦੀ ਜਾਨ ਬਚਾਉਣ ਵਿੱਚ ਕਾਮਯਾਬ ਹੋਈ ਹੈ। ਰੈੱਡ ਕਰਾਸ ਸੁਸਾਇਟੀ ਦੀ ਚੇਅਰਪਰਸਨ ਡਾ. ਗੁਰਪ੍ਰੀਤ ਕੌਰ ਜੌਹਲ ਸੂਦਨ ਵੱਲੋਂ ਇਸ ਬੱਚੀ ਨੂੰ ਪੰਘੂੜੇ ਵਿੱਚ ਪ੍ਰ੍ਰਾਪਤ ਕੀਤਾ ਗਿਆ ਅਤੇ ਲਾਪਾ ਸਕੀਮ ਅਧੀਨ ਸਵਾਮੀ ਗੰਗਾ ਨੰਦ ਭੂਰੀ ਵਾਲੇ ਫਾਊਂਡੇਸ਼ਨ ਧਾਮ ਭੇਜਣ ਦੀ ਪ੍ਰਕਿਰਿਆ ਪੂਰੀ ਕੀਤੀ। ਉਨ੍ਹਾਂ ਦੱਸਿਆ ਕਿ ਇਹ 187ਵਾਂ ਬੱਚਾ ਹੈ ਜਿਸ ਨੂੰ ਇਹ ਪੰਘੂੜਾ ਜਿੰਦਾ ਬਚਾਉਣ ਵਿੱਚ ਸਫਲ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਹੁਣ ਤੱਕ ਪੰਘੂੜਾ ਸਕੀਮ ਤਹਿਤ ਇੱਥੇ ਆਉਣ ਵਾਲੇ ਬੱਚਿਆਂ ਦੀ ਗਿਣਤੀ 187 ਹੋ ਗਈ ਹੈ, ਜਿਨ੍ਹਾਂ ਵਿਚ 156 ਲੜਕੀਆਂ ਅਤੇ 31 ਲੜਕੇ ਸ਼ਾਮਿਲ ਹਨ। ਇਸ ਮੌਕੇ ਸਕੱਤਰ ਰੈਡ ਕਰਾਸ ਤੇਜਿੰਦਰ ਸਿੰਘ ਰਾਜਾ ਅਤੇ ਰਣਧੀਰ ਸਿੰਘ ਆਦਿ ਹਾਜ਼ਰ ਸਨ।