ਨਵੀਂ ਦਿੱਲੀ, 3 ਜਨਵਰੀ
15 ਤੋਂ 18 ਸਾਲ ਉਮਰ ਵਰਗ ਦੇ ਅੱਲ੍ਹੜਾਂ ਨੂੰ ਕਰੋਨਾ ਤੋਂ ਬਚਾਅ ਲਈ ਟੀਕਾਕਰਨ ਦਾ ਅਮਲ ਦੇਸ਼ ਭਰ ਵਿੱਚ ਸ਼ੁਰੂ ਹੋ ਗਿਆ। ਅੱਜ ਪਹਿਲੇ ਦਿਨ ਇਸ ਉਮਰ ਵਰਗ ਵਿੱਚ ਆਉਂਦੇ 41 ਲੱਖ ਤੋਂ ਵੱਧ ਅੱਲ੍ਹੜਾਂ ਨੇ ਨਿਰਧਾਰਿਤ ਕੇਂਦਰਾਂ/ਹਸਪਤਾਲਾਂ ਵਿੱਚ ਜਾ ਕੇ ਟੀਕੇ ਲਗਵਾਏ। ਟੀਕਾਕਰਨ ਲਈ ਰਜਿਸਟਰੇਸ਼ਨ ਦਾ ਅਮਲ ਪਹਿਲੀ ਜਨਵਰੀ ਤੋਂ ਸ਼ੁਰੂ ਹੋਇਆ ਸੀ ਤੇ ਸੋਮਵਾਰ ਰਾਤ 10.15 ਵਜੇ ਤੱਕ 53 ਲੱਖ ਤੋਂ ਵੱਧ ਅੱਲ੍ਹੜਾਂ ਨੇ ‘ਕੋਵਿਨ’ ਪੋਰਟਲ ਜ਼ਰੀਏ ਰਜਿਸਟਰੇਸ਼ਨ ਦਾ ਅਮਲ ਪੂਰਾ ਕਰ ਲਿਆ ਸੀ। ਇਕ ਅਨੁਮਾਨ ਮੁਤਾਬਕ 15 ਤੋਂ 18 ਸਾਲ ਉਮਰ ਵਰਗ ਵਿੱਚ 7.4 ਕਰੋੜ ਬੱਚੇ ਆਉਂਦੇ ਹਨ। ਇਸ ਦੌਰਾਨ ਪੰਜਾਬ ਸਣੇ ਆਗਾਮੀ ਚੋਣਾਂ ਵਾਲੇ ਪੰਜ ਸੂਬਿਆਂ ਵਿੱਚ ਪਿਛਲੇ ਦਿਨਾਂ ’ਚ ਕੋਵਿਡ-19 ਹਾਲਾਤ ਦਾ ਜਾਇਜ਼ਾ ਲੈਣ ਮਗਰੋਂ ਚੋਣ ਕਮਿਸ਼ਨ ਨੇ ਇਨ੍ਹਾਂ ਰਾਜਾਂ ਨੂੰ ਕਰੋਨਾ ਤੋਂ ਬਚਾਅ ਲਈ ਟੀਕਾਕਰਨ ਦਾ ਘੇਰਾ ਵਧਾਉਣ ਲਈ ਕਿਹਾ ਹੈ। ਕਮਿਸ਼ਨ ਨੇ ਕਿਹਾ ਕਿ ਚੋਣ ਡਿਊਟੀ ’ਤੇ ਤਾਇਨਾਤ ਅਮਲੇ ਦਾ ‘ਮੁਕੰਮਲ ਟੀਕਾਕਰਨ’ ਯਕੀਨੀ ਬਣਾਇਆ ਜਾਵੇ। -ਪੀਟੀਆਈ