ਨਵਦੀਪ ਸਿੰਘ ਗਿੱਲ
ਖੇਡਾਂ ਦੇ ਖੇਤਰ ਵਿੱਚ ਪੰਜਾਬ ਹੁਣ ਨਿਸ਼ਾਨੇਬਾਜ਼ਾਂ ਦੀ ਨਰਸਰੀ ਵਜੋਂ ਜਾਣਿਆ ਜਾਣ ਲੱਗਾ ਹੈ। ਕੌਮਾਂਤਰੀ ਪੱਧਰ ’ਤੇ ਪੰਜਾਬ ਦੇ ਨਿਸ਼ਾਨੇਬਾਜ਼ਾਂ ਨੇ ਵੱਡੀ ਛਾਪ ਛੱਡੀ ਹੈ। ਓਲੰਪਿਕ ਖੇਡਾਂ ਵਿੱਚ ਦੇਸ਼ ਨੂੰ ਪਹਿਲਾ ਵਿਅਕਤੀਗਤ ਸੋਨ ਤਮਗਾ ਵੀ ਪੰਜਾਬ ਦੇ ਅਭਿਨਵ ਬਿੰਦਰਾ ਨੇ ਨਿਸ਼ਾਨੇਬਾਜ਼ੀ ਵਿੱਚ ਹੀ ਦਿਵਾਇਆ ਸੀ। ਮਾਨਵਜੀਤ ਸਿੰਘ ਸੰਧੂ, ਰੰਜਨ ਸੋਢੀ, ਅਵਨੀਤ ਕੌਰ ਸਿੱਧੂ, ਹਰਵੀਨ ਸਰਾਓ, ਹਿਨਾ ਸਿੱਧੂ ਨੇ ਵੀ ਕੌਮਾਂਤਰੀ ਪੱਧਰ ’ਤੇ ਪੰਜਾਬ ਦਾ ਨਾਮ ਰੋਸ਼ਨ ਕੀਤਾ। ਹੁਣ ਇਸੇ ਕਤਾਰ ਵਿੱਚ ਪੰਜਾਬ ਦਾ ਉੱਭਰਦਾ ਨਿਸ਼ਾਨਚੀ ਆ ਖੜ੍ਹਾ ਹੋਇਆ ਹੈ। ਇਸ ਨਿਸ਼ਾਨੇਬਾਜ਼ ਦਾ ਨਾਮ ਵੀ ਅਰਜੁਨ ਹੈ। ਇਸ ਨਾਮ ਨੂੰ ਸਟੀਕ ਨਿਸ਼ਾਨੇ ਲਗਾਉਣ ਦਾ ਮਾਣ ਹਾਸਲ ਹੈ।
ਜ਼ਿਲ੍ਹਾ ਫਾਜ਼ਿਲਕਾ ਦੇ ਸ਼ਹਿਰ ਜਲਾਲਾਬਾਦ ਦਾ ਜੰਮਪਲ ਅਤੇ ਮੁਹਾਲੀ ਵਿੱਚ ਵਸੇ ਅਰਜੁਨ ਬਬੂਟਾ ਨੇ ਦੱਖਣੀ ਕੋਰੀਆ ਦੇ ਸ਼ਹਿਰ ਚਾਂਗਵਨ ਵਿਖੇ ਆਈ.ਸੀ.ਸੀ.ਐੱਫ. ਵਿਸ਼ਵ ਕੱਪ ਵਿੱਚ ਦੋ ਸੋਨ ਤਮਗੇ ਜਿੱਤ ਕੇ ਕੌਮਾਂਤਰੀ ਪੱਧਰ ’ਤੇ ਵੱਡੀ ਦਸਤਕ ਦਿੱਤੀ ਹੈ। 23 ਵਰ੍ਹਿਆਂ ਦੇ ਅਰਜੁਨ ਨੇ 10 ਮੀਟਰ ਏਅਰ ਰਾਈਫਲ ਦੇ ਵਿਅਕਤੀਗਤ ਈਵੈਂਟ ਦੇ ਫਾਈਨਲ ਵਿੱਚ ਟੋਕੀਓ ਓਲੰਪਿਕ ਖੇਡਾਂ ਦੇ ਚਾਂਦੀ ਦਾ ਤਮਗਾ ਜੇਤੂ ਲੋਕਾਸ ਕੋਜੀਨਸਕੀ ਨੂੰ 17-9 ਨਾਲ ਹਰਾ ਕੇ ਸੋਨ ਤਮਗਾ ਜਿੱਤਿਆ। ਅਰਜੁਨ ਨੇ ਕੁਆਲੀਫਿਕੇਸ਼ਨ ਗੇੜ ਵਿੱਚ 630.5 ਸਕੋਰ ਅਤੇ ਫਾਈਨਲ ਗੇੜ ਵਿੱਚ 261.1 ਸਕੋਰ ਬਣਾਇਆ। ਉਸ ਨੇ ਦੂਜਾ ਸੋਨ ਤਮਗਾ 10 ਮੀਟਰ ਏਅਰ ਰਾਈਫਲ ਟੀਮ ਈਵੈਂਟ ਵਿੱਚ ਜਿੱਤਿਆ। ਫਾਈਨਲ ਵਿੱਚ ਅਰਜੁਨ, ਪਾਰਥ ਮਖੀਜਾ ਤੇ ਸ਼ਾਹੂ ਤੁਸ਼ਾਰ ਮਾਨੇ ਦੀ ਟੀਮ ਨੇ ਮੇਜ਼ਬਾਨ ਦੱਖਣੀ ਕੋਰੀਆ ਨੂੰ 17-15 ਨਾਲ ਹਰਾਇਆ। ਅਰਜੁਨ ਦੀ ਇਸ ਸੁਨਹਿਰੀ ਪ੍ਰਾਪਤੀ ਨਾਲ ਭਵਿੱਖ ਵਿੱਚ ਉਸ ਕੋਲੋਂ ਵੱਡੀਆਂ ਉਮੀਦਾਂ ਲਗਾਈਆਂ ਜਾਣ ਲੱਗੀਆਂ ਹਨ।
ਅਰਜੁਨ ਦਾ ਜਨਮ 24 ਜਨਵਰੀ 1999 ਨੂੰ ਜਲਾਲਾਬਾਦ ਵਿਖੇ ਨੀਰਜ ਬਬੂਟਾ ਤੇ ਦੀਪਤੀ ਬਬੂਟਾ ਦੇ ਘਰ ਹੋਇਆ। ਮੁਹਾਲੀ ਸਥਿਤ ਮਾਨਵ ਮੰਗਲ ਸਕੂਲ ਵਿੱਚ ਅੱਠਵੀਂ ਕਲਾਸ ਵਿੱਚ ਪੜ੍ਹਦਿਆਂ ਉਸ ਨੇ ਸ਼ੌਕੀਆ ਨਿਸ਼ਾਨੇਬਾਜ਼ੀ ਖੇਡ ਸ਼ੁਰੂ ਕੀਤੀ। ਨੌਵੀਂ ਕਲਾਸ ਵਿੱਚ ਉਸ ਨੇ ਸੇਂਟ ਜੋਸਫ਼ ਸਕੂਲ, ਚੰਡੀਗੜ੍ਹ ਦਾਖਲਾ ਲੈ ਲਿਆ ਜਿੱਥੋਂ ਉਸ ਨੇ ਨਿਸ਼ਾਨੇਬਾਜ਼ੀ ਨੂੰ ਆਪਣੇ ਕਰੀਅਰ ਵਜੋਂ ਚੁਣ ਲਿਆ। ਸ਼ੁਰੂਆਤੀ ਸਮੇਂ ਪ੍ਰਸਿੱਧ ਨਿਸ਼ਾਨੇਬਾਜ਼ ਅਤੇ ਸੀ.ਆਰ.ਪੀ.ਐੱਫ. ਦੇ ਆਈ.ਜੀ. ਰਿਟਾਇਰ ਹੋਏ ਤੇਜਿੰਦਰ ਸਿੰਘ ਢਿੱਲੋਂ ਉਸ ਦੇ ਕੋਚ ਸਨ। ਉਸ ਤੋਂ ਬਾਅਦ ਉਸ ਨੇ ਦਿਲੀਪ ਚੰਦੇਲ ਤੋਂ ਕੋਚਿੰਗ ਹਾਸਲ ਕੀਤੀ। ਹੁਣ ਉਹ ਦੀਪਾਲੀ ਦੇਸ਼ਪਾਂਡੇ ਕੋਲੋਂ ਕੋਚਿੰਗ ਲੈ ਰਿਹਾ ਹੈ। ਚੰਗੇ ਕੋਚਾਂ ਵੱਲੋਂ ਤਰਾਸ਼ੇ ਅਰਜੁਨ ਨੇ 17 ਵਰ੍ਹਿਆਂ ਦੀ ਉਮਰੇ ਭਾਰਤੀ ਟੀਮ ਵਿੱਚ ਜਗ੍ਹਾ ਬਣਾ ਲਈ। 2016 ਵਿੱਚ ਉਸ ਨੇ ਚੈਕ ਗਣਰਾਜ ਵਿਖੇ ਹੋਏ ਟੂਰਨਾਮੈਂਟ ਵਿੱਚ ਟੀਮ ਖੇਡ ਵਿੱਚ ਸੋਨੇ ਅਤੇ ਵਿਅਕਤੀਗਤ ਵਰਗ ਵਿੱਚ ਚਾਂਦੀ ਦਾ ਤਮਗਾ ਜਿੱਤਿਆ। ਇਸੇ ਸਾਲ ਅਜ਼ਰਬਾਈਜਾਨ ਦੇ ਗਾਬਾਲਾ ਵਿਖੇ ਹੋਏ ਜੂਨੀਅਰ ਵਿਸ਼ਵ ਕੱਪ ਵਿੱਚ ਉਸ ਨੇ ਟੀਮ ਵਰਗ ਵਿੱਚ ਸੋਨੇ ਅਤੇ ਵਿਅਕਤੀਗਤ ਵਰਗ ਵਿੱਚ ਕਾਂਸੀ ਦਾ ਤਮਗਾ ਜਿੱਤਿਆ।
ਸਾਲ 2017 ਵਿੱਚ ਅਰਜੁਨ ਨੇ ਚੈਕ ਗਣਰਾਜ ਵਿਖੇ ਹੋਏ ਮੁਕਾਬਲੇ ਵਿੱਚ ਮੁੜ ਟੀਮ ਵਰਗ ਵਿੱਚ ਸੋਨੇ ਤੇ ਵਿਅਕਤੀਗਤ ਵਿੱਚ ਚਾਂਦੀ ਦਾ ਤਮਗਾ ਜਿੱਤਿਆ। ਇਸੇ ਸਾਲ ਜਪਾਨ ਦੇ ਵਾਕੋ ਸ਼ਹਿਰ ਵਿਖੇ ਹੋਈ ਏਸ਼ੀਅਨ ਏਅਰਗੰਨ ਚੈਂਪੀਅਨਸ਼ਿਪ ਵਿੱਚ ਉਸ ਨੇ ਜੂਨੀਅਰ ਰਾਈਫਲ ਵਿਅਕਤੀਗਤ ਅਤੇ ਟੀਮ ਮੁਕਾਬਲੇ ਵਿੱਚ ਇੱਕ-ਇੱਕ ਸੋਨੇ ਦਾ ਤਮਗਾ ਜਿੱਤਿਆ। ਉਸ ਨੇ ਨਵਾਂ ਨੈਸ਼ਨਲ ਰਿਕਾਰਡ ਵੀ ਬਣਾਇਆ। ਸਾਲ 2018 ਵਿੱਚ ਅਰਜੁਨ ਨੇ ਕੁਆਲਾ ਲੰਪਰ ਵਿਖੇ ਹੋਈ ਵਿਸ਼ਵ ਯੂਨੀਵਰਸਿਟੀ ਚੈਂਪੀਅਨਸ਼ਿਪ ਵਿੱਚ ਟੀਮ ਵਰਗ ਵਿੱਚ ਕਾਂਸੀ ਦਾ ਤਮਗਾ ਜਿੱਤਿਆ। ਫੇਰ ਉਸ ਨੇ ਸਿਡਨੀ ਵਿਖੇ ਹੋਏ ਜੂਨੀਅਰ ਵਿਸ਼ਵ ਕੱਪ ਵਿੱਚ ਵਿਅਕਤੀਗਤ ’ਤੇ ਮਿਕਸਡ ਟੀਮ ਵਰਗ ਵਿੱਚ ਇੱਕ-ਇੱਕ ਕਾਂਸੀ ਦਾ ਤਮਗਾ ਜਿੱਤਿਆ। ਸਾਲ ਦੇ ਅੰਤ ਵਿੱਚ ਕੁਵੈਤ ਵਿਖੇ ਹੋਈ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਉਸ ਨੇ ਮਿਕਸਡ ਜੂਨੀਅਰ ਟੀਮ ਵਿੱਚ ਕਾਂਸੀ ਦਾ ਤਮਗਾ ਅਤੇ ਰਾਈਫਲ ਜੂਨੀਅਰ ਟੀਮ ਵਿੱਚ ਚਾਂਦੀ ਦਾ ਤਮਗਾ ਜਿੱਤਿਆ।
ਅਰਜੁਨ ਦਾ ਕਰੀਅਰ ਬਹੁਤ ਵਧੀਆ ਅੱਗੇ ਵਧ ਰਿਹਾ ਸੀ, ਪਰ ਇਸ ਦੌਰਾਨ ਉਹ ਟੋਕੀਓ ਓਲੰਪਿਕ ਖੇਡਾਂ ਲਈ ਓਲੰਪਿਕ ਕੋਟੇ ਤੋਂ ਥੋੜ੍ਹੇ ਜਿਹੇ ਫਰਕ ਨਾਲ ਖੁੰਝ ਗਿਆ। ਉਸ ਨੇ ਹੌਸਲਾ ਨਹੀਂ ਛੱਡਿਆ। 2020 ਵਿੱਚ ਚੈਕ ਗਣਰਾਜ ਵਿਖੇ ਟੂਰਨਾਮੈਂਟ ਵਿੱਚ ਉਸ ਨੇ ਕਾਂਸੀ ਦਾ ਤਮਗਾ ਜਿੱਤਿਆ। 2021 ਵਿੱਚ ਨਵੀਂ ਦਿੱਲੀ ਵਿਖੇ ਆਈ.ਐੱਸ.ਐੱਸ.ਐੱਫ. ਵਿਸ਼ਵ ਕੱਪ ਵਿੱਚ ਕੁਆਲੀਫਿਕੇਸ਼ਨ ਰਾਊਂਡ ਵਿੱਚ 631.8 ਸਕੋਰ ਨਾਲ ਨਵਾਂ ਨੈਸ਼ਨਲ ਰਿਕਾਰਡ ਬਣਾਇਆ, ਪਰ ਪੰਜਵੇਂ ਸਥਾਨ ਉਤੇ ਰਹਿਣ ਕਾਰਨ ਤਮਗੇ ਤੋਂ ਵਾਂਝਾ ਰਹਿ ਗਿਆ।
ਅਰਜੁਨ ਨੇ ਹੁਣ ਵਿਸ਼ਵ ਕੱਪ ਵਿੱਚ ਦੋ ਸੋਨ ਤਮਗੇ ਜਿੱਤ ਕੇ ਵੱਡੀ ਪ੍ਰਾਪਤੀ ਕੀਤੀ ਹੈ ਅਤੇ ਦੋ ਵਰ੍ਹਿਆਂ ਬਾਅਦ ਪੈਰਿਸ ਵਿਖੇ ਹੋਣ ਵਾਲੀਆਂ ਓਲੰਪਿਕ ਖੇਡਾਂ ਲਈ ਆਪਣਾ ਦਾਅਵਾ ਮਜ਼ਬੂਤੀ ਨਾਲ ਪੇਸ਼ ਕੀਤਾ ਹੈ। ਅਰਜੁਨ ਦਾ ਇਸ ਵੇਲੇ ਵਿਸ਼ਵ ਰੈਂਕਿੰਗ ਵਿੱਚ ਨੌਵਾਂ ਤੇ ਨੈਸ਼ਨਲ ਰੈਂਕਿੰਗ ਵਿੱਚ ਪਹਿਲਾ ਸਥਾਨ ਹੈ। ਉਹ ਇਸ ਵੇਲੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਤੋਂ ਪੱਤਰਕਾਰੀ ਵਿੱਚ ਪੋਸਟ ਗ੍ਰੈਜੂਏਸ਼ਨ ਕਰ ਰਿਹਾ ਹੈ। ਅਰਜੁਨ ਦੇ ਪਿਤਾ ਨੀਰਜ ਜੋ ਆਪਣਾ ਕਾਰੋਬਾਰ ਚਲਾਉਂਦੇ ਹਨ, ਨੇ ਮੁੱਢ ਤੋਂ ਹੀ ਅਰਜੁਨ ਨੂੰ ਨਿਸ਼ਾਨੇਬਾਜ਼ ਬਣਾਉਣ ਲਈ ਸੁਪਨਾ ਸੰਜੋਇਆ ਸੀ ਜੋ ਹੁਣ ਪੂਰਾ ਹੋ ਗਿਆ ਹੈ। ਅਰਜੁਨ ਦੇ ਮਾਤਾ ਦੀਪਤੀ ਬਬੂਟਾ ਪ੍ਰਸਿੱਧ ਪੰਜਾਬੀ ਲੇਖਿਕਾ ਹਨ ਜਿਨ੍ਹਾਂ ਕਾਵਿ ਸ੍ਰੰਗਹਿ, ਇਕਾਂਗੀ ਸੰਗ੍ਰਹਿ ਤੇ ਨਾਟਕ ਲਿਖਣ ਤੋਂ ਇਲਾਵਾ ਰੰਗਮੰਚ ਵਿੱਚ ਸੇਵਾਵਾਂ ਨਿਭਾਈਆਂ ਹਨ।
ਸੰਪਰਕ: 97800-36216