ਰਣਜੀਤ ਸਿੰਘ ਸ਼ੀਤਲ
ਦਿੜਬਾ ਮੰਡੀ, 9 ਸਤੰਬਰ
ਕੱਚੇ ਅਧਿਆਪਕਾਂ ਨੂੰ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ 85 ਦਿਨਾਂ ਤੋਂ ਸਿੱਖਿਆ ਬੋਰਡ ਮੋਹਾਲੀ ਦੀ ਛੱਤ ’ਤੇ ਆਪਣੇ ਦੋ ਹੋਰ ਅਧਿਆਪਕ ਸਾਥੀਆਂ ਨਾਲ ਬੈਠੇ ਹੋਏ ਕੁਲਵਿੰਦਰ ਸਿੰਘ ਨਾੜੂ ਦਾ ਅੱਜ ਪਿੰਡ ਖਨਾਲਕਲਾਂ ਪੁੱਜਣ ’ਤੇ ਅਧਿਆਪਕਾਂ ਅਤੇ ਪਿੰਡ ਵਾਸੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਪਿਛਲੇ 15 ਸਾਲਾਂ ਤੋਂ ਵੱਖ ਵੱਖ ਸਕੂਲਾਂ ਵਿੱਚ ਨਿਗੂਣੀ ਜਿਹੀ ਤਨਖਾਹ ’ਤੇ ਕੰਮ ਕਰਦੇ ਆ ਰਹੇ ਈਜੀਐਸ, ਏਆਈਈ, ਆਈਈਵੀ ਅਤੇ ਐਸਟੀਆਰ ਤੋਂ ਇਲਾਵਾ ਹੋਰ ਕੈਟੇਗਿਰੀ ਦੇ ਅਧਿਆਪਕ ਪਿਛਲੇ ਢਾਈ ਮਹੀਨਿਆਂ ਤੋਂ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਸਨ। ਸਰਕਾਰ ਅਖੀਰ ਉਨ੍ਹਾਂ ਦੇ ਸੰਘਰਸ਼ ਅੱਗੇ ਝੁਕ ਗਈ। ਸਰਕਾਰ ਨੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ, ਜਿਸ ਤੋਂ ਬਾਅਦ ਅਧਿਆਪਕਾਂ ਨੇ ਵੀ ਆਪਣਾ ਸੰਘਰਸ਼ ਖ਼ਤਮ ਕਰ ਦਿੱਤਾ ਹੈ। ਕਈ ਅਧਿਆਪਕ ਸਿੱਖਿਆ ਬੋਰਡ ਦੀ ਛੱਤ ’ਤੇ ਪੈਟਰੋਲ ਦੀਆਂ ਬੋਤਲਾਂ ਲੈ ਕੇ ਚੜ੍ਹੇ ਹੋਏ ਸਨ। ਇਨ੍ਹਾਂ ਵਿੱਚ ਦਿੜਬਾ ਨੇੜਲੇ ਪਿੰਡ ਖਨਾਲਕਲਾਂ ਦਾ ਕੁਲਵਿੰਦਰ ਸਿੰਘ ਨਾੜੂ ਵੀ ਸ਼ਾਮਲ ਸੀ। ਇਨ੍ਹਾਂ ਨੇ ਆਰ ਪਾਰ ਦੀ ਲੜਾਈ ਵਿੱਢੀ ਹੋਈ ਸੀ। ਇਨ੍ਹਾਂ ਅਧਿਆਪਕਾਂ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਨੂੰ ਚਿਤਾਵਨੀ ਦਿੱਤੀ ਸੀ ਕਿ ਜੇਕਰ ਉਨ੍ਹਾਂ ਨੂੰ ਰੈਗੂਲਰ ਨਾ ਕੀਤਾ ਗਿਆ ਤਾਂ ਉਹ ਆਪਣੀ ਜਾਨ ਦੇਣ ਤੋਂ ਵੀ ਗੁਰੇਜ਼ ਨਹੀਂ ਕਰਨਗੇ। ਕੁਲਵਿੰਦਰ ਸਿੰਘ ਨਾੜੂ ਨੇ ਦੱਸਿਆ ਕਿ ਉਹ ਇਸ ਮੰਗ ਲਈ ਕਈ ਸਾਲਾਂ ਤੋਂ ਸੰਘਰਸ਼ ਕਰਦੇ ਆ ਰਹੇ ਸਨ ਕਿਉਂਕਿ ਰਾਜਨੀਤਕ ਪਾਰਟੀਆਂ ਵੱਲੋਂ ਚੋਣਾਂ ਸਮੇਂ ਵਾਅਦੇ ਕੀਤੇ ਜਾਂਦੇ ਸਨ ਅਤੇ ਸਰਕਾਰ ਬਣਨ ਤੋਂ ਬਾਅਦ ਉਨ੍ਹਾਂ ਨੂੰ ਪੱਕੇ ਕਰਨ ਦਾ ਵਾਅਦਾ ਭੁੱਲ ਜਾਂਦੇ ਸਨ, ਜਿਸ ਕਰਕੇ ਉਨ੍ਹਾਂ ਨੇ ਅੱਕ ਕੇ ਇਸ ਮੰਗ ਲਈ ਸੰਘਰਸ਼ ਨੂੰ ਤਿੱਖਾ ਕੀਤਾ ਹੋਇਆ ਸੀ। ਸੰਘਰਸ਼ ਦੌਰਾਨ ਕਈ ਵਾਰ ਅਧਿਆਪਕਾਂ ’ਤੇ ਲਾਠੀਚਾਰਜ ਵੀ ਕੀਤੇ ਗਏ ਪਰੰਤੂ ਕੱਚੇ ਅਧਿਆਪਕ ਰੈਗੂਲਰ ਕਰਨ ਨੂੰ ਲੈ ਕੇ ਬਜਿੱਦ ਸੀ। ਤਿੱਖੇ ਸੰਘਰਸ਼ਾਂ ਤੋਂ ਘਬਰਾ ਕੇ ਅਖੀਰ ਪੰਜਾਬ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਮੰਨੀਆਂ ਤੇ ਬੀਤੇ ਦਿਨੀ ਸਰਕਾਰ ਅਤੇ ਵਿਭਾਗ ਤੋਂ ਰੈਗੂਲਰ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰਵਾਉਣ ਤੋਂ ਬਾਅਦ ਹੀ ਉਹ ਸਿੱਖਿਆ ਬੋਰਡ ਮੋਹਾਲੀ ਦੀ ਛੱਤ ਤੋਂ ਹੇਠਾਂ ਉਤਰੇ ਹਨ। ਉਨ੍ਹਾਂ ਨੇ ਸੰਘਰਸ਼ ਵਿੱਚ ਸਹਿਯੋਗ ਦੇਣ ਵਾਲੇ ਸਾਰੇ ਅਧਿਆਪਕਾਂ ਅਤੇ ਜਥੇਬੰਦੀਆਂ ਦਾ ਧੰਨਵਾਦ ਕੀਤਾ।