ਸੁਖਵਿੰਦਰ ਸਿੰਘ ਸੰਘਾ
ਪਿੰਡੋਂ ਫ਼ੋਨ ਆਇਆ। ‘‘ਬੀਬੀ ਠੀਕ ਨਹੀਂ ਹੈ। ਤੁਰਦੀ ਤੁਰਦੀ ਡਿੱਗ ਪਈ। ਬੇਸੁਰਤ ਹੋ ਗਈ ਹੈ। ਕੁੱਝ ਬੋਲਦੀ ਨਹੀਂ ਹੈ। ਪਿੰਡ ਦੇ ਡਾਕਟਰ ਨੂੰ ਬੁਲਾਇਆ ਸੀ। ਕਹਿੰਦਾ ਸ਼ਹਿਰ ਲੈ ਜਾਓ।’’ ਇੱਕੋ ਸਾਹ ਵਿਚ ਉਹ ਸਾਰਾ ਕੁਝ ਬੋਲ ਗਿਆ। ਮੈਂ ਕਿਹਾ, “ਬੀਬੀ ਨੂੰ ਲੈ ਕੇ ਹਸਪਤਾਲ ਆ ਜਾਓ।” ਇਹ ਹਸਪਤਾਲ ਮੇਰੇ ਘਰ ਦੇ ਨੇੜੇ ਹੈ। ਸਸਤਾ ਅਤੇ ਸਾਫ਼ ਸੁਥਰਾ। ਮੇਰਾ ਗੁਆਂਢੀ ਤੇ ਮਿੱਤਰ ਡਾ. ਪਰਦੀਪ ਕੁਮਾਰ ਪਹਿਲਾਂ ਇਸੇ ਹਸਪਤਾਲ ਵਿਚ ਕੰਮ ਕਰਦਾ ਸੀ। ਉਨ੍ਹਾਂ ਐਮਰਜੈਂਸੀ ਵਿਚ ਤਾਇਨਾਤ ਡਾਕਟਰ ਨੂੰ ਫ਼ੋਨ ਕਰ ਦਿੱਤਾ। ਜਦੋਂ ਬੀਬੀ ਨੂੰ ਕਾਰ ਵਿੱਚੋਂ ਕੱਢ ਕੇ ਸਟਰੈਚਰ ’ਤੇ ਪਾਇਆ ਤਾਂ ਉਸ ਦਾ ਪਿੰਡਾ ਭੱਠੀ ਵਾਂਗੂੰ ਤਪ ਰਿਹਾ ਸੀ। ਐਮਰਜੈਂਸੀ ਵਾਰਡ ਵਿਚ ਉਸ ਦਾ ਚੈੱਕਅੱਪ ਕੀਤਾ ਗਿਆ। ਬੁਖ਼ਾਰ ਅਤੇ ਬਲੱਡ ਪ੍ਰੈਸ਼ਰ। “ਇਨ੍ਹਾਂ ਦੇ ਨਾਲ ਕੌਣ ਹੈ?” ‘‘ਮੈਂ ਅਤੇ ਮੇਰਾ ਭਰਾ।’’ ਡਾਕਟਰ ਨੇ ਸਾਡੇ ਦੋਵਾਂ ਵੱਲ ਥੋੜ੍ਹੀ ਔਖਿਆਈ ਨਾਲ ਦੇਖਿਆ। ‘‘ਮਾਤਾ ਨੂੰ ਵੈਂਟੀਲੇਟਰ ਦੀ ਲੋੜ ਹੈ, ਇਸ ਵੇਲੇ ਸਾਡੇ ਕੋਲ ਨਹੀਂ ਹੈ। ਤੁਸੀਂ ਵੱਡੇ ਹਸਪਤਾਲ ਲੈ ਜਾਓ।’’ ਵੱਡਾ ਹਸਪਤਾਲ ਵੀ ਸਾਡੇ ਘਰ ਦੇ ਨਜ਼ਦੀਕ ਹੀ ਹੈ। ਉੱਥੇ ਮੇਰਾ ਦੋਸਤ ਡਾਕਟਰ ਸਿਮਰਨ ਸਿੱਧੂ ਕੰਮ ਕਰਦਾ ਹੈ। ਮੈਂ ਉਸ ਨੂੰ ਫ਼ੋਨ ਕੀਤਾ। “ਤੁਸੀਂ ਬੀਬੀ ਨੂੰ ਲੈ ਆਓ। ਮੈਂ ਕਾਊਂਟਰ ’ਤੇ ਕਹਿ ਦਿੰਦਾ ਹਾਂ।” ਮੈਂ ਇਕ ਐਂਬੂਲੈਂਸ ਵਾਲੇ ਨੂੰ ਜਾਣ ਲਈ ਕਿਹਾ। ਉਹ ਮੰਨ ਗਿਆ। ਦੋਵਾਂ ਹਸਪਤਾਲਾਂ ਦਾ ਫ਼ਾਸਲਾ ਇਕ ਕਿਲੋਮੀਟਰ ਤੋਂ ਵੀ ਘੱਟ ਹੈ। ਉੱਥੇ ਪਹੁੰਚ ਕੇ ਮੈਂ ਐਂਬੂਲੈਂਸ ਵਾਲੇ ਨੂੰ ਪੈਸੇ ਪੁੱਛੇ। “ਦੋ ਸੌ ਰੁਪਏ ਦੇ ਦਿਓ।” ਮੈਂ ਪੰਜ ਸੌ ਦਾ ਨੋਟ ਫੜਾਇਆ। “ਮੇਰੇ ਪਾਸ ਖੁੱਲ੍ਹੇ ਨਹੀਂ ਹਨ। ਮੈਂ ਆਉਂਦਾ ਜਾਂਦਾ ਫੜ ਲਵਾਂਗਾ। ਮਾਤਾ ਨੂੰ ਠੀਕ ਹੁੰਦਿਆਂ ਟਾਈਮ ਲੱਗੇਗਾ।” ਇਹ ਉਸ ਦਾ ਆਪਣਾ ਤਜਰਬਾ ਬੋਲ ਰਿਹਾ ਸੀ। ਮੈਂ ਸੋਚ ਰਿਹਾ ਸੀ ਕਿ ਸਾਡੇ ਮੁਲਕ ਵਿਚ ਇਮਾਨਦਾਰੀ ਤੇ ਇਨਸਾਨੀਅਤ ਸ਼ਾਇਦ ਅਜਿਹੇ ਲੋਕਾਂ ਦੇ ਪੱਲੇ ਹੀ ਰਹਿ ਗਈ ਹੈ। ਹਸਪਤਾਲ ਜਾਂਦਿਆਂ ਹੀ ਬੀਬੀ ਨੂੰ ਆਈਸੀਯੂ ਵਿਚ ਵੈਂਟੀਲੇਟਰ ’ਤੇ ਲਾ ਦਿੱਤਾ। ਜਦੋਂ ਮੈਂ ਕਾਊਂਟਰ ’ਤੇ ਰਜਿਸਟਰੇਸ਼ਨ ਕਰਵਾਈ ਤਾਂ ਨਰਸ ਨੇ ਮੈਨੂੰ ਪੁੱਛਿਆ, “ਇਹ ਤੁਹਾਡੀ ਕੀ ਲੱਗਦੀ ਹੈ?” “ਮਾਂ।” “ਘਰ ਵਿਚ ਕੋਈ ਬੁਖ਼ਾਰ ਜਾਂ ਬੀ.ਪੀ. ਦੀ ਗੋਲੀ ਨਹੀਂ ਸੀ…?’’ ਉਹ ਬਿਨਾਂ ਮੇਰੇ ਵੱਲ ਤੱਕਿਆਂ ਬੋਲੀ ਜਾ ਰਹੀ ਸੀ। ਸਾਰੀ ਰਾਤ ਬੀਬੀ ਵੈਂਟੀਲੇਟਰ ’ਤੇ ਰਹੀ, ਪਰ ਉਸ ਦੀ ਹਾਲਤ ਜ਼ਰਾ ਵੀ ਨਾ ਸੁਧਰੀ। ਸਵੇਰੇ ਮੈਨੂੰ ਆਪਣੇ ਮਿੱਤਰ ਡਾਕਟਰ ਦਾ ਫ਼ੋਨ ਆਇਆ ਕਿ ਮਾਤਾ ਠੀਕ ਨਹੀਂ ਹੈ, ਸ਼ਾਇਦ ਪੂਰੇ ਹੋ ਗਏ ਹਨ। ਮੈਂ ਆਈ.ਸੀ.ਯੂ. ਵਿਚ ਗਿਆ ਤਾਂ ਡਾਕਟਰ ਨੇ ਕਿਹਾ, “ਪ੍ਰੋਫ਼ੈਸਰ ਸਾਹਿਬ, ਇਹ ਚਲਾਣਾ ਕਰ ਗਏ ਹਨ।’’ ਸ਼ਾਇਦ ਡਾਕਟਰ ਸਿੱਧੂ ਨੇ ਉਸ ਨੂੰ ਮੇਰੇ ਬਾਰੇ ਦੱਸਿਆ ਹੋਵੇ। ਮੇਰੇ ਸਾਹਮਣੇ ਇਹ ਪਹਿਲੀ ਮੌਤ ਸੀ ਤੇ ਉਹ ਵੀ ਮਾਂ ਦੀ।
ਬੀਬੀ ਦਾ ਸਸਕਾਰ ਕਰ ਦਿੱਤਾ ਗਿਆ। ਮੈਂ, ਮੇਰਾ ਛੋਟਾ ਭਰਾ ਸੀਤਲ ਅਤੇ ਭਾਪਾ ਫੁੱਲ ਚੁਗਣ ਗਏ। ਸ਼ਿੰਦੀ ਝਿਉਰ ਦਾ ਮੁੰਡਾ ਸਾਨੂੰ ਫੁੱਲ ਚੁਗਣ ਦੇ ਨਿਯਮ ਇਸ ਤਰ੍ਹਾਂ ਸਮਝਾ ਰਿਹਾ ਸੀ ਜਿਵੇਂ ਕੋਈ ਫ਼ੌਜ ਦੀ ਪਰੇਡ ਕਰਨੀ ਹੋਵੇ। ਫੁੱਲ ਚੁਗਦਿਆਂ ਮੈਨੂੰ ਬੀਬੀ ਦਾ ਲੋਹੇ ਦਾ ਕੜਾ ਮਿਲਿਆ। ਸੜ ਕੇ ਬਿਲਕੁਲ ਕਾਲਾ ਹੋਇਆ ਪਿਆ ਸੀ। ਫੁੱਲ ਚੁਗ ਕੇ ਸਿਵਿਆਂ ਦੀ ਕਿੱਕਰ ਨਾਲ ਟੰਗ ਦਿੱਤੇ ਤੇ ਕੜਾ ਮੈਂ ਆਪਣੀ ਕਾਰ ਦੇ ਡੈਸ਼ ਬੋਰਡ ਵਿਚ ਰੱਖ ਲਿਆ। ਜਦੋਂ ਫੁੱਲ ਪਾਉਣ ਲੈ ਕੇ ਜਾਣਾ ਸੀ ਤਾਂ ਮੇਰੀ ਭੈਣ ਸਿਮਰੋ ਕਹਿਣ ਲੱਗੀ, “ਬੀਬੀ ਨੂੰ ਕਾਰ ਦੀ ਅਗਲੀ ਸੀਟ ’ਤੇ ਬਿਠਾ ਲਈਂ। ਅਸੀਂ ਸਾਰੇ ਪਿੱਛੇ ਬੈਠ ਜਾਵਾਂਗੇ। ਨਾਲੇ ਸਾਫਾ ਲੈ ਕੇ ਸਾਰੇ ਕਮਰਿਆਂ ਵਿਚ ਏਦਾਂ ਮਾਰ ਮਾਰ ਕੇ ਕਹਿ ‘ਆ ਬੀਬੀ ਚੱਲੀਏ, ਆ ਬੀਬੀ ਚੱਲੀਏ, ਆ ਬੀਬੀ ਚੱਲੀਏ…’।’’ ਬੀਬੀ ਨੂੰ ਕਾਰ ਦੀ ਅਗਲੀ ਸੀਟ ’ਤੇ ਬੈਠਣ ਦਾ ਬੜਾ ਸ਼ੌਕ ਸੀ। ਜਦੋਂ ਮੈਂ ਨਵੀਂ ਕਾਰ ਲਈ ਤਾਂ ਅਸੀਂ ਇਕ ਦਿਨ ਕਿਸੇ ਸਮਾਗਮ ’ਤੇ ਜਾਣਾ ਸੀ। ਬੀਬੀ ਕਾਰ ਕੋਲ ਆ ਕੇ ਕਹਿੰਦੀ, “ਪੁੱਤ, ਆਪਾਂ ਸਾਰੇ ਬੈਠ ਜਾਵਾਂਗੇ।” ‘‘ਲੈ ਬੀਬੀ ਤੂੰ ਕਿੱਥੇ ਜਾਣਾ ਹੈ?’’ “ਆਹੋ ਮਾਂ ਨੂੰ ਕਦੇ ਗੁਰਦੁਆਰੇ ਨਾ ਲੈ ਕੇ ਜਾਈਂ!” …ਤੇ ਅੱਜ ਮਾਂ ਨੂੰ ਕਾਰ ਦੀ ਅਗਲੀ ਸੀਟ ’ਤੇ ਬਿਠਾ ਮੈਂ ਗੋਇੰਦਵਾਲ ਲੈ ਕੇ ਜਾ ਰਿਹਾ ਸੀ। ਗੁਰਦੁਆਰੇ ਪਹੁੰਚ ਕੇ ਫੁੱਲ ਚੁੱਕੇ ਤਾਂ ਪਾਣੀ ਨਾਲ ਕਾਰ ਦੀ ਸੀਟ ਗਿੱਲੀ ਸੀ। ਮੈਨੂੰ ਲੱਗਾ ਜਿਵੇਂ ਇਹ ਬੀਬੀ ਦੇ ਅੱਥਰੂ ਹਨ ਤੇ ਬੀਬੀ ਮੈਨੂੰ ਕਹਿ ਰਹੀ ਹੈ “ਜਿਉਂਦਾ ਰਹਿ ਪੁੱਤ, ਗੁਰਦੁਆਰੇ ਤਾਂ ਆਖ਼ਰ ਲੈ ਹੀ ਆਇਆਂ…।’’
ਅਗਲੇ ਦਿਨ ਸਾਡੇ ਪਰਿਵਾਰਕ ਮਿੱਤਰ ਸਤਨਾਮ ਸਿੰਘ ਖਹਿਰਾ ਅਤੇ ਸ਼ਰਨਜੀਤ ਸਾਡੇ ਘਰ ਆਏ। ਅਫ਼ਸੋਸ ਕਰਨ। ਸ਼ਰਨਜੀਤ ਮੇਰੀ ਭੈਣ ਦੀ ਜਮਾਤਣ ਸੀ ਤੇ ਸਤਨਾਮ ਖਹਿਰਾ ਮੇਰੇ ਭਰਾ ਦਾ ਜਮਾਤੀ। ਵਿਆਹ ਤੋਂ ਪਹਿਲਾਂ ਦਾ ਹੀ ਇਨ੍ਹਾਂ ਦਾ ਸਾਡੇ ਘਰ ਬਹੁਤ ਆਉਣਾ ਜਾਣਾ ਸੀ। ਬੀਬੀ ਇਨ੍ਹਾਂ ਦੋਹਾਂ ਨੂੰ ਆਪਣੇ ਹੀ ਧੀ ਪੁੱਤ ਸਮਝਦੀ ਸੀ। ਸ਼ਰਨਜੀਤ ਕਹਿ ਰਹੀ ਸੀ, “ਜਦੋਂ ਬੀਬੀ ਪੂਰੀ ਹੋਈ ਮੈਂ ਓਥੇ ਹੀ ਸੀ। ਨਰਸ ਨੇ ਤੈਨੂੰ ਕਿਹਾ ਸੀ ਕਿ ਮਾਤਾ ਦੇ ਗਹਿਣੇ ਲਾਹ ਲਓ। ਤੂੰ ਸੁਣਿਆ ਨਹੀਂ। ਆਹ ਵੰਗ ਤੇ ਮੁੰਦੀ ਹੈ, ਮੈਂ ਲਾਹ ਲਈ ਸੀ, ਤੈਨੂੰ ਦੇਣ ਆਈਂ ਆਂ।” ‘‘ਮੈਨੂੰ ਪੱਕਾ ਨਹੀਂ, ਪਰ ਇੰਨਾ ਕੁ ਯਾਦ ਹੈ ਕਿ ਜਦੋਂ ਬੀਬੀ ਸ਼ਹਿਰ ਦੇ ਹਸਪਤਾਲ ਆਈ ਸੀ ਤਾਂ ਉਸ ਦੇ ਕੰਨਾਂ ਵਿਚ ਕਾਂਟੇ, ਗਲ ਵਿਚ ਹਾਰ ਤੇ ਬਾਂਹ ਵਿਚ ਵੰਗਾਂ ਸਨ।’’ “ਚੁੱਪ ਕਰਕੇ ਆਹ ਰੱਖ ਲੈ, ਸੁਆਹ ਵਿਚ ਪੈਰ ਮਾਰੇਂਗਾ ਤਾਂ ਮੂੰਹ ਸਿਰ ਤੇਰਾ ਵੀ ਕਾਲਾ ਹੋਏਗਾ। ਦੇਖ ਭਰਾਵਾ, ਜੇ ਇਹ ਬੀਬੀ ਨਾਲ ਨਹੀਂ ਗਏ ਤਾਂ ‘ਓਹਦੇ’ ਨਾਲ ਵੀ ਨਈਂ ਜਾਣੇ।”
ਬੀਬੀ ਨੂੰ ਸੋਨਾ ਪਾਉਣ ਦਾ ਬੜਾ ਸ਼ੌਕ ਸੀ। ਇਕ ਵਾਰੀ ਮੈਨੂੰ ਕਹਿੰਦੀ, “ਪੁੱਤ, ਆਹ ਕੜਾ ਲਾਹ ਦੇ, ਭੀੜਾ ਹੋ ਗਿਆ।” ਇਹ ਕਹਿ ਕੇ ਬੀਬੀ ਨੇ ਸੋਨੇ ਦੀਆਂ ਵੰਗਾਂ ਉਤਾਂਹ ਨੂੰ ਕਰ ਲਈਆਂ। “ਲੈ ਬੀਬੀ, ਸੋਨੇ ਦੀਆਂ ਵੰਗਾਂ ਤਾਂ ’ਤਾਂਹ ਕਰੀਂ ਜਾਨੀਂ ਐਂ ਤੇ ਲੋਹੇ ਦਾ ਕੜਾ ਉਤਾਰਨ ਲਈ ਕਹਿ ਰਹੀ ਐਂ।’’ “ਸੋਨੇ ਦੀਆਂ ਵੰਗਾਂ ਤਾਂ ਮੈਂ ਓਹਨੂੰ ਦੇਊਂਗੀ ਜੋ ਮੇਰੀ ਸੇਵਾ ਕਰੂਗਾ। ਨਹੀਂ ਤਾਂ ਇਹ ਮੇਰੇ ਨਾਲ ਹੀ ਜਾਣਗੀਆਂ।” ਸੱਚ-ਮੁੱਚ ਬੀਬੀ ਅਗਲੇ ਘਰ ਜਾਣ ਲਈ ਘਰੋਂ ਤਿਆਰ ਹੋ ਕੇ ਹੀ ਆਈ ਸੀ। ਫੁੱਲ ਚੁਗਦਿਆਂ ਉਹ ਕੜਾ ਲੱਭ ਗਿਆ। ਇਹ ਕੜਾ ਅੱਜ ਵੀ ਮੇਰੀ ਕਾਰ ਦੇ ਡੈਸ਼ ਬੋਰਡ ਵਿਚ ਪਿਆ ਹੈ। ਜਦੋਂ ਕਦੇ ਖੋਲ੍ਹ ਕੇ ਦੇਖਦਾ ਹਾਂ ਤਾਂ ਲੱਗਦਾ ਹੈ ਜਿਵੇਂ ਬੀਬੀ ਕਹਿ ਰਹੀ ਹੋਵੇ “ਚਾਰੇ ਕੰਨੀਆਂ ਮੇਰੀਆਂ ਵੇਖ ਖਾਲੀ…।”