ਚਰਨਜੀਤ ਭੁੱਲਰ
ਚੰਡੀਗੜ੍ਹ, 2 ਸਤੰਬਰ
ਪੰਜਾਬ ਸਰਕਾਰ ਵੱਲੋਂ ਲਗਾਏ ਨਵੇਂ ਚੇਅਰਮੈਨਾਂ ਦੇ ਨਿਯੁਕਤੀ ਪੱਤਰ ’ਤੇ ਕਥਿਤ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਦਸਤਖਤਾਂ ਨੂੰ ਲੈ ਕੇ ਨਵਾਂ ਸਿਆਸੀ ਵਿਵਾਦ ਉੱਠਿਆ ਹੈ। ਇਹ ਪੱਤਰ ਅਸਲੀ ਹੈ ਜਾਂ ਨਕਲੀ, ਇਸ ਬਾਰੇ ਹਾਲੇ ਭੰਬਲਭੂਸਾ ਹੈ, ਪਰ ਕਾਂਗਰਸੀ ਆਗੂ ਇਸ ਚਿੱਠੀ ਨੂੰ ਲੈ ਕੇ ‘ਆਪ’ ਸਰਕਾਰ ਦੀ ਘੇਰਾਬੰਦੀ ਦਾ ਮੌਕਾ ਨਹੀਂ ਖੁੰਝਾਉਣਾ ਚਾਹੁੰਦੇ। ਦੱਸਣਯੋਗ ਹੈ ਕਿ ‘ਆਪ’ ਸਰਕਾਰ ਵੱਲੋਂ ਕੱਲ੍ਹ ਕੁਝ ਨਿਗਮਾਂ ਅਤੇ ਕਾਰਪੋਰੇਸ਼ਨਾਂ ਦੇ ਚੇਅਰਮੈਨ ਲਗਾਏ ਗਏ ਹਨ। ਕਾਂਗਰਸ ਪ੍ਰਧਾਨ ਰਾਜਾ ਵੜਿੰਗ ਅਤੇ ਕਾਂਗਰਸ ਦੇ ਕਿਸਾਨ ਸੈੱਲ ਦੇ ਕੌਮੀ ਚੇਅਰਮੈਨ ਸੁਖਪਾਲ ਸਿੰਘ ਖਹਿਰਾ ਨੇ ਅੱਜ ਇਨ੍ਹਾਂ ਸਿਆਸੀ ਨਿਯੁਕਤੀਆਂ ਵਾਲਾ ਪੱਤਰ ਟਵੀਟ ਕੀਤਾ ਹੈ, ਜਿਸ ’ਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਕਥਿਤ ਦਸਤਖ਼ਤ ਹਨ। ਵਿਰੋਧੀ ਧਿਰਾਂ ਵੱਲੋਂ ਸ਼ੁਰੂ ਤੋਂ ਦੋਸ਼ ਲਗਾਏ ਜਾ ਰਹੇ ਹਨ ਕਿ ਪੰਜਾਬ ਦੀ ‘ਆਪ’ ਸਰਕਾਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਮੋਟ ਕੰਟਰੋਲ ਸਰਕਾਰ ਹੈ। ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਇਸ ਪੱਤਰ ਸਮੇਤ ਟਵੀਟ ਕੀਤਾ ਹੈ ਕਿ ‘ਗੱਲ ਤਾਂ ਨੌਲੇਜ ਸ਼ੇਅਰ ਕਰਨ ਦੀ ਹੋਈ ਸੀ, ਕੁਰਸੀ ਦੀ ਨਹੀਂ। ਦਿੱਲੀ ਦੇ ਮੁੱਖ ਮੰਤਰੀ ਵੱਲੋਂ ਪੰਜਾਬ ਦੇ ਚੇਅਰਮੈਨਾਂ ਦੀ ਨਿਯੁਕਤੀ ਸੂਬੇ ਦੀ ਲੀਡਰਸ਼ਿਪ ਨੂੰ ਕਮਜ਼ੋਰ ਕਰਦੀ ਹੈ ਅਤੇ ਇਸ ’ਚੋਂ ‘ਆਪ’ ਦੀ ਖਿੱਚੋਤਾਣ ਵੀ ਦਿਖਦੀ ਹੈ।’ ਵੜਿੰਗ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਦਿੱਲੀ ਤੋਂ ਰਿਮੋਰਟ ਕੰਟਰੋਲ ਨਾਲ ਚਲਾਉਣ ਬਾਰੇ ਲੋਕਾਂ ਦਾ ਖ਼ਦਸ਼ਾ ਵੀ ਸੱਚ ਸਾਬਤ ਹੋ ਰਿਹਾ ਹੈ।
ਕਾਂਗਰਸ ਦੇ ਕਿਸਾਨ ਸੈੱਲ ਦੇ ਕੌਮੀ ਚੇਅਰਮੈਨ ਸੁਖਪਾਲ ਖਹਿਰਾ ਨੇ ਵੀ ਇਸ ਪੱਤਰ ’ਤੇ ਟਵੀਟ ਕੀਤਾ ਹੈ ਕਿ ‘ਹੁਣ ਇਹ ਦਸਤਾਵੇਜ਼ੀ ਸਬੂਤ ਨਾਲ ਪੂਰੀ ਤਰ੍ਹਾਂ ਸਾਫ਼ ਹੋ ਗਿਆ ਹੈ ਕਿ ਪੰਜਾਬ ਸਰਕਾਰ ਦੀਆਂ ਨਿਯੁਕਤੀਆਂ ਕਰਨ ਦਾ ਅਧਿਕਾਰ ਮੁੱਖ ਮੰਤਰੀ ਭਗਵੰਤ ਮਾਨ ਕੋਲ ਨਹੀਂ ਹੈ। ਜੇਕਰ ਇਹ ‘ਆਪ’ ਦੀਆਂ ਨਿਯੁਕਤੀਆਂ ਹੁੰਦੀਆਂ ਤਾਂ ਕੇਜਰੀਵਾਲ ਦਾ ਪਾਰਟੀ ਮੁਖੀ ਹੋਣ ਦੇ ਨਾਤੇ ਜਾਇਜ਼ ਹੁੰਦਾ, ਪਰ ਸਰਕਾਰੀ ਅਹੁਦੇ ਸਵੀਕਾਰ ਕਰਨ ਯੋਗ ਨਹੀਂ।’ ਸੋਸ਼ਲ ਮੀਡੀਆ ’ਤੇ ਇਹ ਪੱਤਰ ਕਾਫ਼ੀ ਚਰਚਾ ਵਿਚ ਹੈ ਅਤੇ ਇੱਕ ਕਾਂਗਰਸੀ ਆਗੂ ਨੇ ਤਾਂ ‘ਆਪ’ ਵਰਕਰ ਅੰਕਿਤ ਸਕਸੈਨਾ ਦੀ ਫੇਸਬੁੱਕ ਸ਼ੇਅਰ ਕਰਕੇ ਦੋਸ਼ ਲਾਏ ਹਨ ਕਿ ‘ਆਪ’ ਦੀ ਸੋਸ਼ਲ ਮੀਡੀਆ ਟੀਮ ਵੱਲੋਂ ਹੀ ਇਹ ਨਿਯੁਕਤੀ ਪੱਤਰ ਖ਼ੁਦ ਪੋਸਟ ਕੀਤਾ ਗਿਆ ਹੈ। ‘ਆਪ’ ਦੀ ਲੀਡਰਸ਼ਿਪ ਆਖਦੀ ਹੈ ਕਿ ਪੋਸਟ ਪਾਉਣ ਵਾਲੇ ਦਾ ‘ਆਪ’ ਨਾਲ ਕੋਈ ਤੁਅੱਲਕ ਨਹੀਂ ਹੈ।
ਪੱਤਰ ਪੂਰੀ ਤਰ੍ਹਾਂ ਫ਼ਰਜ਼ੀ: ਚੀਮਾ
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਕਿਹਾ ਕਿ ਇਹ ਪੱਤਰ ਪੂਰੀ ਤਰ੍ਹਾਂ ਫ਼ਰਜ਼ੀ ਹੈ ਅਤੇ ਕਾਂਗਰਸ ਝੂਠ ਬੋਲਣ ਦੀ ਆਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂ ਬੁਖਲਾਹਟ ਵਿਚ ਹਨ ਅਤੇ ਇਸ ਤਰ੍ਹਾਂ ਦੇ ਫ਼ਰਜ਼ੀ ਪੱਤਰ ਟਵੀਟ ਕਰਕੇ ਗੁਮਰਾਹਕੁਨ ਪ੍ਰਚਾਰ ਕਰਨ ਵਿਚ ਲੱਗੇ ਹੋਏ ਹਨ। ਇਸੇ ਦੌਰਾਨ ‘ਆਪ’ ਪੰਜਾਬ ਨੇ ਕਿਹਾ ਕਿ ਕਾਂਗਰਸ ਦੇ ਝੂਠੀਆਂ ਖ਼ਬਰਾਂ ਦੇ ਸੌਦਾਗਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।