ਸ਼ਗਨ ਕਟਾਰੀਆ
ਬਠਿੰਡਾ, 5 ਦਸੰਬਰ
ਪੰਜਾਬ ਸਰਕਾਰ ਵੱਲੋਂ ਲਗਾਤਾਰ ਸੰਘਰਸ਼ਕਾਰੀ ਕਰਮਚਾਰੀ ਸੰਗਠਨਾਂ ਪ੍ਰਤੀ ਸਖ਼ਤੀ ਵਰਤਣ ਦੇ ਸੰਕੇਤ ਦਿੱਤੇ ਜਾ ਰਹੇ ਹਨ। ਤਾਜ਼ਾ ਜਾਣਕਾਰੀ ਅਨੁਸਾਰ ਬੀਤੀ 3 ਦਸੰਬਰ ਨੂੰ ਪੰਜਾਬ ਰੋਡਵੇਜ਼ ਪਨਬੱਸ ਤੇ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਵੱਲੋਂ ਇਥੇ ਬੱਸ ਅੱਡੇ ਦੇ ਗੇਟ ’ਤੇ ਲਾਏ ਧਰਨੇ ਦੇ ਸਬੰਧ ’ਚ ਥਾਣਾ ਕੋਤਵਾਲੀ ਵਿੱਚ 4 ਦਸੰਬਰ ਨੂੰ ਯੂਨੀਅਨ ਦੇ ਕੁਝ ਸੰਘਰਸ਼ਕਾਰੀਆਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ ਹੈ। ਪੀਆਰਟੀਸੀ ਡਿੱਪੂ ਬਠਿੰਡਾ ਦੇ ਜਨਰਲ ਮੈਨੇਜਰ ਰਮਨ ਸ਼ਰਮਾ ਦੀ ਸ਼ਿਕਾਇਤ ’ਤੇ ਦਰਜ ਕੀਤੇ ਗਏ ਇਸ ਪਰਚੇ ਵਿੱਚ ਦੋਸ਼ ਲਾਇਆ ਗਿਆ ਹੈ ਕਿ ਯੂਨੀਅਨ ਦੇ ਨੁਮਾਇੰਦਿਆਂ ਵੱਲੋਂ 3 ਦਸੰਬਰ ਨੂੰ ਸਵੇਰੇ 10 ਤੋਂ 12 ਵਜੇ ਤੱਕ ਬੱਸ ਸਟੈਂਡ ਬਠਿੰਡਾ ਨੂੰ ਬਿਨਾਂ ਕਿਸੇ ਨੋਟਿਸ ਜਾਂ ਕਾਰਨ ਦੇ ਬੰਦ ਰੱਖਿਆ ਗਿਆ ਤੇ ਸਰਕਾਰੀ ਬੱਸਾਂ ਨੂੰ ਗੇਟ ’ਤੇ ਘੇਰ ਕੇ ਆਵਾਜਾਈ ਬੰਦ ਕੀਤੀ, ਜਿਸ ਨਾਲ ਸਰਕਾਰੀ ਕੰਮ ਵਿੱਚ ਰੁਕਾਵਟ ਆਈ, ਵਿਭਾਗ ਦੀ ਬਦਨਾਮੀ ਹੋਈ ਤੇ ਵਿੱਤੀ ਨੁਕਸਾਨ ਵੀ ਝੱਲਣਾ ਪਿਆ। ਉੱਧਰ ਪੰਜਾਬ ਰੋਡਵੇਜ਼ ਪਨਬੱਸ ਤੇ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਨੀਤੀਆਂ ਤੋਂ ਅੱਕੇ ਮੁਲਾਜ਼ਮ ਸੰਘਰਸ਼ ਕਰ ਰਹੇ ਹਨ ਤੇ ਸਰਕਾਰ ਉਨ੍ਹਾਂ ਦੇ ਹੱਕ ਦੇਣ ਦੀ ਥਾਂ ਸੰਘਰਸ਼ਾਂ ਨੂੰ ਦਬਾਉਣ ਲਈ ਪਰਚਿਆਂ ਤੇ ਨੌਕਰੀਆਂ ਤੋਂ ਕੱਢਣ ਵਰਗੇ ਹਥਿਆਰ ਵਰਤ ਰਹੀ ਹੈ। ਉਨ੍ਹਾਂ ਕਿਹਾ ਕਿ ਮੁਲਾਜ਼ਮ ਅਜਿਹੇ ਹਥਕੰਡਿਆਂ ਤੋਂ ਬਿਲਕੁਲ ਨਹੀਂ ਡਰਦੇ। ਉਨ੍ਹਾਂ ਕਿਹਾ ਕਿ ਪੰਜਾਬ ਭਰ ਦੇ 27 ਬੱਸ ਡਿੱਪੂਆਂ ਦੇ ਕਰਮਚਾਰੀ 7 ਦਸੰਬਰ ਤੋਂ ਬੇਮਿਆਦੀ ਹੜਤਾਲ ਕਰਨਗੇ ਤੇ 8 ਦਸੰਬਰ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਰੋਸ ਧਰਨਾ ਲਾਇਆ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਸਰਕਾਰੀ ਟਰਾਂਸਪੋਰਟ ਬਚਾਉਣ ਲਈ ਸਰਕਾਰੀ ਬੱਸਾਂ ਦੀ ਗਿਣਤੀ 10 ਹਜ਼ਾਰ ਕੀਤੀ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਮੰਗਾਂ ਨਾ ਮੰਨਣ ’ਤੇ ਜਨਤਕ ਸਮਾਗਮਾਂ ’ਚ ਪਹੁੰਚੇ ਮੰਤਰੀਆਂ ਅਤੇ ਵਿਧਾਇਕਾਂ ਦਾ ਘਿਰਾਓ ਕੀਤਾ ਜਾਵੇਗਾ।