ਸ਼ਸ਼ੀਪਾਲ ਜੈਨ
ਖਰੜ, 3 ਜਨਵਰੀ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿੱਚ ਸਥਾਪਤ ਕੀਤੇ ‘ਕਲਪਨਾ ਚਾਵਲਾ ਸਪੇਸ ਸੈਂਟਰ’ ਦਾ ਉਦਘਾਟਨ ਕੀਤਾ। ਕੇਂਦਰੀ ਮੰਤਰੀ ਨੇ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਦੇਸ਼ ਦੀਆਂ ਤਿੰਨਾਂ ਸੈਨਾਵਾਂ ਦੇ ਜਾਬਾਜ਼ ਫ਼ੌਜੀਆਂ ਦੇ ਬੱਚਿਆਂ ਲਈ 10 ਕਰੋੜ ਦੀ ਵਿਸ਼ੇਸ਼ ਵਜ਼ੀਫ਼ਾ ਸਕੀਮ ਦਾ ਵੀ ਉਦਘਾਟਨ ਕੀਤਾ। ਯੂਨੀਵਰਸਿਟੀ ਵਿੱਚ ਸਥਾਪਤ ਪੁਲਾੜ ਖੋਜ ਕੇਂਦਰ ਦਾ ਮੰਤਵ ਵਿਦਿਆਰਥੀਆਂ ਨੂੰ ਪੁਲਾੜ ਵਿਗਿਆਨ ਅਤੇ ਉਪਗ੍ਰਹਿ ਵਿਕਸਤ ਕਰਨ ਵਿੱਚ ਸਿਖਲਾਈ ਦੇਣਾ ਹੈ। ਇਹ ਪੁਲਾੜ ਕੇਂਦਰ ਅਗਲੇ 6 ਮਹੀਨਿਆਂ ਵਿੱਚ ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ ਇੱਕ ਬਹੁਮੰਤਵੀ ਆਧਾਰਿਤ ਨੈਨੋ-ਸੈਟੇਲਾਈਟ ਨੂੰ ਵਿਕਸਤ ਕਰਨ ਅਤੇ ਡਿਜ਼ਾਈਨ ਕਰਨ ਲਈ ਇੱਕ ਪਲੈਟਫਾਰਮ ਵਜੋਂ ਕੰਮ ਕਰੇਗਾ। ਇਸ ਨੂੰ ਇਸਰੋ ਵੱਲੋਂ ਇਸ ਸਾਲ ਲਾਂਚ ਕੀਤਾ ਜਾਵੇਗਾ। ਸੈਟੇਲਾਈਟ ਦੇ ਲਾਂਚ ਹੋਣ ਨਾਲ ਪੰਜਾਬ ਪੁਲਾੜ ਵਿੱਚ ਆਪਣਾ ਸੈਟੇਲਾਈਟ ਸਥਾਪਿਤ ਕਰਨ ਵਾਲਾ ਭਾਰਤ ਦਾ ਪਹਿਲਾ ਸਰਹੱਦੀ ਸੂਬਾ ਬਣ ਜਾਵੇਗਾ। ਉਦਘਾਟਨੀ ਸਮਾਗਮ ਦੌਰਾਨ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ, ਚੰਡੀਗੜ੍ਹ ਯੂਨੀਵਰਸਿਟੀ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਪ੍ਰੋ. ਹਿਮਾਨੀ ਸੂਦ ਅਤੇ ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਪ੍ਰੈਜ਼ੀਡੈਂਟ ਰਛਪਾਲ ਸਿੰਘ ਧਾਲੀਵਾਲ ਮੌਜੂਦ ਸਨ। ਰਾਜਨਾਥ ਵੱਲੋਂ ਚੋਟੀ ਦੀਆਂ ਬਹੁਕੌਮੀ ਕੰਪਨੀਆਂ ਵਿੱਚ ਨੌਕਰੀ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਆਫਰ ਲੈਟਰ ਦਿੱਤੇ ਗਏ।