ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 18 ਮਾਰਚ
ਪਿੰਡ ਰਸੂਲਪੁਰ (ਮੱਲ੍ਹਾ) ’ਚ ਸਵੇਰੇ ਲੜਾਈ ਦੌਰਾਨ ਗੋਲੀ ਚੱਲਣ ਨਾਲ ਭੈਣ-ਭਰਾ ਜ਼ਖ਼ਮੀ ਹੋ ਗਏ। ਸਥਾਨਕ ਸਿਵਲ ਹਸਪਤਾਲ ’ਚ ਜ਼ੇਰੇ ਇਲਾਜ ਅਮਨਦੀਪ ਸਿੰਘ ਅਤੇ ਉਸਦੀ ਭੈਣ ਨੇ ਦੱਸਿਆ ਕਿ ਉਨ੍ਹਾਂ ਦੇ ਗੁਆਂਢ ਵਿੱਚ ਰਹਿੰਦੇ ਜਗਜੀਤ ਸਿੰਘ ਉਰਫ ਜੀਤਾ ਅਤੇ ਲਵਪ੍ਰੀਤ ਸਿੰਘ ਨਾਲ ਪਿਛਲੇ ਸਮੇਂ ਤੋਂ ਥੋੜਾ ਬਹੁਤ ਝਗੜਾ ਚੱਲ ਰਿਹਾ ਸੀ। ਅੱਜ ਸਵੇਰੇ ਜਦੋਂ ਅਮਨਦੀਪ ਸਿੰਘ ਮੋਟਰਸਾਈਕਲ ’ਤੇ ਡੀਜ਼ਲ ਲੈਣ ਲਈ ਜਾ ਰਿਹਾ ਸੀ ਤਾਂ ਉਕਤ ਦੋਵਾਂ ਨੇ ਉਸ ਉਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਦੋਂ ਗੁਆਂਢੀ ਇਕੱਠੇ ਹੋ ਕੇ ਛੁਡਾਉਣ ਲੱਗੇ ਤਾਂ ਉਨ੍ਹਾਂ ਨੇ ਘਰ ਜਾ ਕੇ ਫਾਇਰ ਕਰ ਦਿੱਤਾ। ਜਿਸਦੇ ਸ਼ਰੇ ਦੋਵਾਂ ਭੈਣ-ਭਰਾਵਾਂ ਦੇ ਲੱਗੇ। ਜ਼ਖ਼ਮੀ ਹਾਲਤ ’ਚ ਦੋਵਾਂ ਨੂੰ ਪਹਿਲਾਂ ਹਠੂਰ ਹਸਪਤਾਲ ’ਚ ਅਤੇ ਫਿਰ ਸਥਾਨਕ ਸਿਵਲ ਹਸਪਤਾਲ ’ਚ ਇਲਾਜ ਲਈ ਦਾਖਲ ਕਰਵਾਇਆ ਗਿਆ। ਅਮਨਦੀਪ ਦੇ ਪਿਤਾ ਗੁਰਦਿਆਲ ਸਿੰਘ ਨੇ ਦੱਸਿਆ ਕਿ ਹਮਲਾਵਰ ਪਹਿਲਾਂ ਵੀ ਉਨ੍ਹਾਂ ਨੂੰ ਮਾਰਨ ਦੀਆਂ ਧਮਕੀਆਂ ਦਿੰਦੇ ਰਹਿੰਦੇ ਸਨ। ਅਮਨਦੀਪ ਦੁਬਈ ’ਚ ਕੰਮ ਕਰਦਾ ਹੈ, ਉਹ ਇਕੱਲੇ ਹੋਣ ਕਾਰਨ ਇੰਨਾ ਦਾ ਡਰ ਸਤਾਉਂਦਾ ਰਹਿੰਦਾ ਹੈ। ਥਾਣਾ ਹਠੂਰ ਦੇ ਇੰਚਾਰਜ ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ ਨੇ ਵਾਪਰੀ ਘਟਨਾਂ ਬਾਰੇ ਦੱਸਿਆ ਕਿ ਸੂਚਨਾ ਮਿਲ ਚੁੱਕੀ ਹੈ। ਜ਼ਖ਼ਮੀਆਂ ਦੇ ਬਿਆਨ ਲੈਣ ਲਈ ਪੁਲੀਸ ਅਧਿਕਾਰੀ ਦੀ ਜ਼ਿੰਮੇਵਾਰੀ ਲਗਾਈ ਗਈ ਹੈ। ਬਿਆਨ ਕਲਮਬੰਦ ਹੋਣ ਉਪਰੰਤ ਬਿਨ੍ਹਾਂ ਦੇਰੀ ਬਣਦੀ ਕਾਰਵਾਈ ਕੀਤੀ ਜਾਵੇਗੀ।