ਕੇਂਦਰ ਦੀ ਕਾਹਲੀ
27 ਨਵੰਬਰ ਦੇ ਅੰਕ ਵਿਚ ਸੰਪਾਦਕੀ ‘ਕਿਰਤੀ-ਕਿਸਾਨ ਸੰਘਰਸ਼’ ਵਿਚ ਲੰਮੇ ਸਮੇਂ ਤੋਂ ਚਲ ਰਹੇ ਕਿਸਾਨ ਅੰਦੋਲਨ ਦਾ ਵਿਸ਼ਲੇਸ਼ਣ ਕੀਤਾ ਹੈ। ਕੇਂਦਰ ਵਲੋਂ ਕਾਹਲੀ ਨਾਲ ਕਰੋਨਾ ਸਮੇਂ ਵਿਚ ਪਾਸ ਕੀਤੇ ਖੇਤੀ ਕਾਨੂੰਨਾਂ ਖਿਲਾਫ ਇਸ ਵੇਲੇ ਦੇਸ਼ ਭਰ ਦੇ ਕਿਸਾਨਾਂ ਦਾ ਅੰਦੋਲਨ ਸਿਖਰ ਤੇ ਹੈ। ਦਿਲੀ ਵੱਲ ਮੁਹਾਰਾਂ ਮੋੜੀਆਂ ਗਈਆਂ ਹਨ। ਕੇਂਦਰ ਦੀ ਤਾਨਾਸ਼ਾਹੀ ਦੀ ਨਿੰਦਾ ਸਾਰੇ ਪਾਸਿਓਂ ਕੀਤੀ ਜਾ ਰਹੀ ਹੈ ਕਿਉਂਕਿ ਬੈਰੀਕੇਡ ਲਾ ਕੇ ਆਪਣੇ ਹੀ ਦੇਸ਼ ਦੇ ਕਿਸਾਨਾਂ ਨੂੰ ਆਪਣੀ ਹੱਕੀ ਆਵਾਜ਼ ਤੋਂ ਰੋਕਿਆ ਜਾ ਰਿਹਾ ਹੈ। ਪਾਣੀ ਦੀਆਂ ਬੁਛਾੜਾਂ ਮਾਰ ਕੇ ਕਿਸਾਨਾਂ ਤੇ ਤੱਸ਼ਦਦ ਕੀਤਾ ਗਿਆ। ਇਸੇ ਦਿਨ ਡਾæ ਲਕਸ਼ਮੀ ਨਰਾਇਣ ਭੀਖੀ ਨੇ ਆਪਣੇ ਲੇਖ ਵਿਚ ਕਿਸਾਨੀ ਅੰਦੋਲਨ ਨੂੰ ਜਨਮਾਨਸ ਦੀ ਆਵਾਜ਼ ਕਿਹਾਹੈ। ਕਿਸਾਨ ਇਸ ਵੇਲੇ ਬੁਲੰਦ ਹੌਸਲੇ ਵਿਚ ਹਨ। ਦਿੱਲੀ ਦੀਆਂ ਹੱਦਾਂ ਤੇ ਜੰਗ ਵਾਲਾ ਮਾਹੌਲ ਬਣ ਰਿਹਾ ਹੈ। ਕੰਡੇਦਾਰ ਤਾਰਾਂ ਲਾ ਕੇ ਕਿਸਾਨਾਂ ਨੂੰ ਰੋਕਣਾ ਸਰਾਸਰ ਜ਼ਿਆਦਤੀ ਹੈ। ਇਸ ਮਾਰੂ ਕਾਰਵਾਈ ਨੇ ਅੰਗਰੇਜ਼ਾਂ ਦਾ ਸਮਾਂ ਯਾਦ ਕਰਵਾ ਦਿੱਤਾ ਹੈ। ਕੇਂਦਰ ਨੂੰ ਇਕ ਦਿਨ ਲੋਕ ਆਵਾਜ਼ ਸੁਣਨੀ ਪਵੇਗੀ।
ਪ੍ਰਿੰਸੀਪਲ ਗੁਰਮੀਤ ਸਿੰਘ, ਫ਼ਾਜ਼ਿਲਕਾ
(2)
ਲੋਕਾਂ ਨੂੰ ਅੰਨ ਦੇਣ ਵਾਲਾ ਅੰਨ ਦਾਤਾ ਕਿਸਾਨ, ਪਾਣੀ ਦੀ ਵਾਛੜ ਅਤੇ ਅੱਥਰੂ ਗੈਸ ਦੇ ਗੋਲਿਆਂ ਨਾਲ ਜੂਝ ਰਿਹਾ ਹੈ। ਦਰਅਸਲ, ਕੇਂਦਰ ਨੇ ਪੰਜਾਬ ਨਾਲ ਹਮੇਸ਼ਾ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ। ਕੇਂਦਰ ਨੂੰ ਕਿਸਾਨਾਂ ਨਾਲ ਸੰਜੀਦਗੀ ਨਾਲ ਗੱਲ ਕਰਨੀ ਚਾਹੀਦੀ ਹੈ, ਕੋਈ ਵੀ ਮਸਲਾ ਆਪਸੀ ਸੰਵਾਦ ਨਾਲ ਹੀ ਹੱਲ ਹੁੰਦਾ ਹੈ।
ਗੁਰਮੀਤ ਸਿੰਘ, ਵੇਰਕਾ
(3)
ਕੇਂਦਰ ਸਰਕਾਰ ਨੇ ਕਿਸਾਨ ਬਾਰੇ ਜਿਹੜਾ ਵਤੀਰਾ ਅਪਣਾਇਆ ਹੈ, ਉਹ ਅਤਿ ਨਿੰਦਣਯੋਗ ਹੈ। ਹਰਿਆਣਾ ਦੀ ਖੱਟਰ ਸਰਕਾਰ ਦੀ ਨਿਭਾਈ ਭੂਮਿਕਾ ਉਸ ਨੂੰ ਵੀ ਭਜਨ ਲਾਲ ਦੀ ਕਤਾਰ ਵਿਚ ਖੜ੍ਹਾ ਕਰ ਗਈ ਹੈ। ਕੁਝ ਨਿਊਜ਼ ਚੈਨਲਾਂ ਵੱਲੋਂ ਇਸ ਘੋਲ ਨੂੰ ਪੰਜਾਬ ਅਤੇ ਕੇਂਦਰ ਦੀ ਲੜਾਈ ਵਜੋਂ ਪੇਸ਼ ਕਰਨ ਦੀ ਦੌੜ ਲੱਗੀ ਹੋਈ ਹੈ, ਜਦੋਂ ਕਿ ਇਹ ਨਿਰੋਲ ਆਰਥਿਕਤਾ ਨਾਲ ਜੁੜੀ ਹੋਈ ਲੜਾਈ ਹੈ। ਕੇਂਦਰ ਸਰਕਾਰ ਨੂੰ ਕਿਸਾਨਾਂ ਨਾਲ ਗੱਲਬਾਤ ਕਰ ਕੇ ਇਸ ਮਾਮਲੇ ਦਾ ਨਬਿੇੜਾ ਕਰਨਾ ਚਾਹੀਦਾ ਹੈ, ਜਾਂ ਜਦੋਂ ਤੱਕ ਕਿਸਾਨ ਸੰਤੁਸ਼ਟ ਨਹੀਂ ਹੋ ਜਾਂਦੇ, ਖੇਤੀ ਕਾਨੂੰਨ ਲਾਗੂ ਨਹੀਂ ਕਰਨੇ ਚਾਹੀਦੇ। ਬਿਜਲੀ ਬਿਲ ਵੀ ਰੋਕ ਲੈਣਾ ਚਾਹੀਦਾ ਹੈ; ਨਹੀਂ ਤਾਂ ਹਾਲਾਤ ਹੋਰ ਗੰਭੀਰ ਮੋੜਾ ਕੱਟ ਸਕਦੇ ਹਨ। ਸਰਕਾਰ ਨੂੰ ਕੰਧ ਉੱਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ।
ਰਣਜੀਤ ਸਿੰਘ ਬੈਣਵਾਣ, ਈਮੇਲ
ਰਿਸ਼ਤੇ ਨਾਤੇ ਅਤੇ ਸਮਾਜ
26 ਨਵੰਬਰ ਦਾ ‘ਸੰਪਾਦਕੀ ਪਰਿਵਾਰਕ ਹਿੰਸਾ’ ਸਮਾਜ ਅੰਦਰ ਵੱਧ ਰਹੀ ਪਰਿਵਾਰਕ ਹਿੰਸਾ ਬਾਰੇ ਗਹਿਰੀ ਚਿੰਤਾ ਪ੍ਰਗਟ ਕਰਦਾ ਹੈ ਅਤੇ ਅਜਿਹੇ ਵਰਤਾਰੇ ਨੂੰ ਠੱਲ੍ਹ ਪਾਉਣ ਲਈ ਪਰਿਵਾਰਕ ਸਮੱਸਿਆਵਾਂ ਨੂੰ ਸਮਝਣ ਤੇ ਠਰ੍ਹੰਮੇ ਨਾਲ ਸੁਲਝਾਉਣ ਤੇ ਜ਼ੋਰ ਦਿੰਦਾ ਹੈ। ਕੁਦਰਤ ਨੇ ਮਨੁੱਖ ਨੂੰ ਭਾਵੇਂ ਦਿਮਾਗ਼ ਅਤੇ ਗਿਆਨ ਦੀ ਬਖਸ਼ਿਸ਼ ਕੀਤੀ ਹੈ ਪਰ ਮਨੁੱਖ ਜਿੱਥੇ ਆਪਣੇ ਨਿਜੀ ਮੁਫਾਦਾਂ ਦੀ ਪੂਰਤੀ ਲਈ ਲਾਲਚ ਵਸ ਹੋ ਕੇ ਦੂਜੇ ਦਾ ਹੱਕ ਮਾਰਨ ਦੀ ਕੋਸ਼ਿਸ਼ ਕਰਦਾ ਹੈ, ਉਥੇ ਅੱਜ ਦੇ ਦੌਰ ਵਿਚ ਸਾਂਝੇ ਪਰਿਵਾਰਾਂ ਦਾ ਟੁੱਟਣਾ, ਮਹਿੰਗਾਈ ਕਾਰਨ ਰਿਸ਼ਤਿਆਂ ਵਿਚੋਂ ਖਤਮ ਹੋ ਰਹੇ ਭਾਈ ਭਰੱਪਣ ਕਾਰਨ ਵਧ ਰਿਹਾ ਮਾਨਸਿਕ ਤਣਾਓ ਵੀ ਪਰਿਵਾਰਕ ਹਿੰਸਾਂ ਦਾ ਸਬੱਬ ਬਣ ਰਿਹਾ ਹੈ। ਅਜਿਹੇ ਹਾਲਾਤ ਤੋਂ ਬਚਣ ਲਈ ਮਨੁੱਖ ਨੂੰ ਆਪਸੀ ਭਾਈਚਾਰਕ ਸਾਂਝ ਬਣਾਉਣ ਅਤੇ ਰਿਸ਼ਤਿਆਂ ਨੂੰ ਸਮਝਣ ਦੀ ਲੋੜ ਹੈ।
ਮਨੋਹਰ ਸਿੰਘ ਸੱਗੂ, ਧੂਰੀ (ਸੰਗਰੂਰ)
ਸਾਰਥਕ ਸੁਨੇਹਾ
25 ਨਵੰਬਰ ਦੇ ਨਜ਼ਰੀਆ ਸਫ਼ੇ ਤੇ ਗੁਰਪ੍ਰੀਤ ਸਿੰਘ ਤੰਗੌਰੀ ਦਾ ਮਿਡਲ ‘ਲੇਖ ਦੀ ਕਮਾਈ ਅਤੇ ਅਮਲਾਂ ਦੇ ਨਬਿੇੜੇ’ ਰਾਹੀਂ ਲੇਖਕ ਨੇ ਸਮਾਜ ਦੇ ਹਰ ਵਰਗ ਲਈ ਸਾਰਥਕ ਸੁਨੇਹਾ ਦਿੱਤਾ ਹੈ ਕਿ ਟਰੈਫਿਕ ਨਿਯਮਾਂ ਦੀ ਪਾਲਣਾ ਕਰਨਾ ਹਰ ਨਾਗਰਿਕ ਦਾ ਨਿਤ ਦਿਨ ਦਾ ਵਿਹਾਰ ਹੋਣਾ ਚਾਹੀਦਾ ਹੈ। ਜੇ ਹਰ ਕੋਈ ਕਰੇ ਤਾਂ ਸਾਡੇ ਦੇਸ਼ ਵਿਚ ਦੁਰਘਟਨਾਵਾਂ ਦੀ ਗਿਣਤੀ ਘਟ ਸਕਦੀ ਹੈ।
ਡਾ. ਗਗਨਦੀਪ ਸਿੰਘ, ਸੰਗਰੂਰ
ਚੋਣ ਰਣਨੀਤੀ
25 ਨਵੰਬਰ ਦਾ ਸੰਪਾਦਕੀ ‘ਬੰਗਾਲ ਲਈ ਚੋਣ ਰਣਨੀਤੀ’ ਪੜ੍ਹਿਆ। ਇਸ ਵਿਚ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਵਿਚ ਕਮਿਊਨਿਸਟ ਪਾਰਟੀਆਂ, ਤ੍ਰਿਣਮੂਲ ਕਾਂਗਰਸ ਅਤੇ ਕਾਂਗਰਸ ਦਾ ਮਹਾਗਠਬੰਧਨ ਬਣਾ ਕੇ ਭਾਜਪਾ ਨੂੰ ਹਰਾਉਣ ਦੀ ਤਜਵੀਜ਼ ਦਿੱਤੀ ਗਈ ਹੈ। ਭਾਜਪਾ ਇੱਕ ਤੋਂ ਬਾਅਦ ਇੱਕ ਰਾਜ ਵਿਚ ਜਿੱਤ ਰਹੀ ਹੈ। ਹੁਣ ਗ਼ੈਰ ਭਾਜਪਾ ਪਾਰਟੀਆਂ ਨੂੰ ਆਪਸੀ ਮਤਭੇਦ ਭੁੱਲ ਕੇ ਇਕੱਠੇ ਮਿਲ ਚੋਣਾਂ ਲੜਨੀਆਂ ਚਾਹੀਦੀਆਂ ਹਨ। ਇਸ ਤੋਂ ਪਹਿਲਾਂ 19 ਨਵੰਬਰ ਦਾ ਸੰਪਾਦਕੀ ‘ਇੱਕ ਹੋਰ ਬੈਂਕ ਵਿੱਤੀ ਸੰਕਟ ਚ’ ਆਰਬੀਆਈ ਦੀ ਸਾਰੇ ਅਨੁਸੂਚਿਤ ਬੈਂਕਾਂ ਉੱਤੇ ਨਿਗਰਾਨੀ ਰੱਖਣ ਵਿਚ ਬੁਰੀ ਤਰ੍ਹਾਂ ਅਸਫ਼ਲ ਹੋਣ ਦਾ ਪਰਦਫਾਸ਼ ਕਰਨ ਵਾਲਾ ਸੀ। ਸਾਰੇ ਬੈਂਕਾਂ ਨੂੰ ਆਰਬੀਆਈ ਕੋਲ ਹਰ ਹਫ਼ਤੇ ਬੇਲੈਂਸ ਸ਼ੀਟ ਭੇਜਣੀ ਪੈਂਦੀ ਹੈ ਜਿਸ ਤੋਂ ਉਸ ਬੈਂਕ ਦੀ ਵਿੱਤੀ ਹਾਲਤ ਪਤਾ ਲੱਗ ਜਾਂਦਾ ਹੈ। ਸਰਕਾਰ ਨੂੰ ਅਜਿਹੇ ਸੰਕਟਾਂ ਬਾਰੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ।
ਪ੍ਰੋਫ਼ੈਸਰ ਸ਼ਾਮ ਲਾਲ ਕੌਸ਼ਲ, ਰੋਹਤਕ (ਹਰਿਆਣਾ)