ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 9 ਸਤੰਬਰ
ਭਾਦੋਂ ਦੀ ਚਾਨਣੀ ਚੌਦਸ ਨੂੰ ਲੱਗਣ ਵਾਲੇ ਮੇਲਾ ਛਪਾਰ ਦੇ ਲੱਗਣ ਤੋਂ ਕਰੀਬ ਇੱਕ ਹਫ਼ਤਾ ਪਹਿਲਾਂ ਤਮਾਸ਼ਿਆਂ, ਖਿਡੌਣਿਆਂ ਅਤੇ ਖਾਣ ਪੀਣ ਦੀਆਂ ਵਸਤਾਂ ਦੀਆਂ ਦੁਕਾਨਿਆਂ ਵਾਲਿਆਂ ਨੇ ਆਪਣੀਆਂ ਸਟਾਲਾਂ ਲਗਾਉਣੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ ਜਦੋਂ ਕਿ ਪ੍ਰਸ਼ਾਸਨ ਨੇ ਅਜੇ ਮੇਲਾ ਲੱਗਣ ਜਾਂ ਨਾ ਲੱਗਣ ਬਾਰੇ ਕੋਈ ਐਲਾਨ ਨਹੀਂ ਕੀਤਾ ਹੈ। ਵੱਖ ਵੱਖ ਸਿਆਸੀ ਪਾਰਟੀਆਂ ਦੇ ਖੇਤਰੀ ਆਗੂਆਂ ਨੇ ਵੀ ਆਪਣੀਆਂ ਪਾਰਟੀਆਂ ਦੀਆਂ ਕਾਨਫਰੰਸਾਂ ਲਗਾਉਣ ਲਈ ਜਗ੍ਹਾ ਕਿਰਾਏ ’ਤੇ ਲੈ ਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇੱਥੋਂ ਤੱਕ ਕਿ ਕਈ ਕਿਸਾਨਾਂ ਨੇ ਤਾਂ ਆਪਣੀ ਜਗ੍ਹਾ ਕਿਰਾਏ ’ਤੇ ਦੇਣ ਲਈ ਖੇਤਾਂ ਵਿੱਚ ਖੜ੍ਹੀ ਜੀਰੀ ਦੀ ਫਸਲ ਵੀ ਕੱਚੀ ਹੀ ਵੱਢ ਦਿੱਤੀ ਹੈ। ਲੁਧਿਆਣਾ ਪੱਛਮੀ ਦੇ ਐਸਡੀਐਮ ਜਗਦੀਪ ਸਹਿਗਲ ਨੇ ਪੁੱਛੇ ਜਾਣ ’ਤੇ ਦੱਸਿਆ ਕਿ ਛਪਾਰ ਦੇ ਮੇਲੇ ਬਾਰੇ ਫੈਸਲਾ ਕੁਝ ਦਿਨਾਂ ਅੰਦਰ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਬਿਨਾਂ ਇਜਾਜ਼ਤ ਸਟਾਲ ਆਦਿ ਨਹੀਂ ਲਗਾਉਣ ਦਿੱਤੀ ਜਾਵੇਗੀ।