ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 15 ਜੁਲਾਈ
ਸ਼ਹਿਰ ਦੀ ਸਿਆਸਤ ਵਿਚ ਅੱਜ ਉਸ ਸਮੇਂ ਵੱਡੀ ਉੱਥਲ-ਪੁਥਲ ਦੇਖਣ ਨੂੰ ਮਿਲੀ ਜਦੋਂ ਬਲਾਕ ਸਮਿਤੀ ਦੀ ਮੀਟਿੰਗ ਦੌਰਾਨ ਕਾਂਗਰਸੀ ਮੈਂਬਰਾਂ ਨੇ ਆਪਣੀ ਹੀ ਪਾਰਟੀ ਦੀ ਚੇਅਰਪਰਸਨ ਖ਼ਿਲਾਫ਼ ਬੇਭਰੋਸਗੀ ਮਤਾ ਲਿਆਂਦਾ। ਉਨ੍ਹਾਂ ਜਵਾਬ ਮੰਗਿਆ ਕਿ ਉਹ ਕਿਸ ਪਾਰਟੀ ਨਾਲ ਸਬੰਧਤ ਹਨ। ਜ਼ਿਕਰਯੋਗ ਹੈ ਕਿ ਅੱਜ ਬਲਾਕ ਪੰਚਾਇਤ ਤੇ ਵਿਕਾਸ ਦਫ਼ਤਰ ਵਿੱਚ ਮੀਟਿੰਗ ਚੇਅਰਪਰਸਨ ਸਿਮਰਜੀਤ ਕੌਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਉਪਰੰਤ ਬਲਾਕ ਸਮਿਤੀ ਮੈਂਬਰ ਹੁਸਨ ਲਾਲ ਮੜਕਨ, ਅਮਨਦੀਪ ਸਿੰਘ ਰਾਣਵਾਂ ਅਤੇ ਰਮੇਸ਼ ਖੁੱਲਰ ਨੇ ਦੱਸਿਆ ਕਿ ਪਿਛਲੇ ਸਵਾ ਸਾਲ ਤੋਂ ਬਲਾਕ ਸਮਿਤੀ ਦੀ ਕੋਈ ਮੀਟਿੰਗ ਨਹੀਂ ਹੋਈ। ਇਸ ਕਾਰਨ ਪਿੰਡਾਂ ਵਿਚ ਵਿਕਾਸ ਕਾਰਜ ਪ੍ਰਭਾਵਿਤ ਹੋ ਰਹੇ ਹਨ।
ਉਨ੍ਹਾਂ ਕਿਹਾ ਕਿ ਜੋ ਮੀਟਿੰਗ ਸਵਾ ਸਾਲ ਪਹਿਲਾਂ ਹੋਈ ਸੀ ਉਸ ਵਿਚ ਜੋ ਮਤੇ ਪਾਸ ਕੀਤੇ ਗਏ ਸਨ ਉਨ੍ਹਾਂ ਨੂੰ ਵੀ ਅਮਲੀਜਾਮਾ ਨਹੀਂ ਪਹਿਨਾਇਆ ਗਿਆ। ਬਲਾਕ ਸਮਿਤੀ ਮੈਂਬਰਾਂ ਨੇ ਕਿਹਾ ਕਿ ਬੇਸ਼ੱਕ ਚੁਣੀ ਹੋਈ ਚੇਅਰਪਰਸਨ ਕਾਂਗਰਸ ਪਾਰਟੀ ਨਾਲ ਸਬੰਧਤ ਸੀ ਪਰ ਉਸ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਦੇ ਵਿਰੁੱਧ ਜਾ ਕੇ ਕੰਮ ਕੀਤਾ। ਇਸ ਲਈ ਕਾਂਗਰਸ ਪਾਰਟੀ ਦੇ 12 ਬਲਾਕ ਸਮਿਤੀ ਮੈਂਬਰਾਂ ਨੇ ਉਨ੍ਹਾਂ ਖਿਲਾਫ਼ ਬੇਭਰੋਸਗੀ ਮਤਾ ਪੇਸ਼ ਕਰ 15 ਦਿਨਾਂ ਅੰਦਰ ਆਪਣਾ ਬਹੁਮਤ ਸਪੱਸ਼ਟ ਕਰਨ ਲਈ ਕਿਹਾ। ਅੱਜ ਦੀ ਮੀਟਿੰਗ ਵਿਚ 12 ਬਲਾਕ ਸਮਿਤੀ ਕਾਂਗਰਸ ਮੈਂਬਰਾਂ ਤੋਂ ਇਲਾਵਾ 1 ਅਕਾਲੀ ਦਲ ਨਾਲ ਸਬੰਧਤ ਮੈਂਬਰ ਵੀ ਸ਼ਾਮਲ ਹੋਇਆ ਜਿਸ ਨੇ ਇਨ੍ਹਾਂ ਦਾ ਸਾਥ ਦਿੰਦਿਆਂ ਬੇਭਰੋਸਗੀ ਮਤਾ ਪਾਸ ਕੀਤਾ ਅਤੇ ਜੋ 2 ਅਕਾਲੀ ਦਲ ਦੇ ਮੈਂਬਰ ਹਰਜੋਤ ਸਿੰਘ ਮਾਂਗਟ ਅਤੇ ਚਮਨ ਲਾਲ ਸ਼ਾਮਲ ਨਹੀਂ ਹੋਏ ਉਹ ਹੁਣ ਕੁਝ ਦਿਨਾਂ ਬਾਅਦ ਹੋਣ ਵਾਲੀ ਮੀਟਿੰਗ ਵਿਚ ਚੇਅਰਪਰਸਨ ਦਾ ਅਹੁਦੇ ’ਤੇ ਬਣੇ ਰਹਿਣ ਲਈ ਸਾਥ ਦੇਣਗੇ ਜਾਂ ਉਲਟ ਚੱਲਣਗੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
ਮੈਂ ਕਿਸ ਪਾਰਟੀ ਨਾਲ ਸਬੰਧਤ ਹਾਂ ਬਾਰੇ ਅਜੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੀ’
ਮਾਛੀਵਾੜਾ ਬਲਾਕ ਸਮਿਤੀ ਦੀ ਚੇਅਰਪਰਸਨ ਸਿਮਰਜੀਤ ਕੌਰ ਨੇ ਕਿਹਾ ਕਿ ਸਵਾ ਸਾਲ ਮੀਟਿੰਗ ਕਰੋਨਾ ਦੇ ਦੌਰ ਕਾਰਨ ਨਹੀਂ ਹੋ ਸਕੀ ਅਤੇ ਫਿਰ ਉਹ ਬੀਮਾਰ ਹੋ ਗਏ। ਇਸ ਤੋਂ ਬਾਅਦ ਜਦੋਂ ਮੀਟਿੰਗ ਸੱਦੀ ਗਈ ਤਾਂ ਵਿਧਾਨ ਸਭਾ ਚੋਣਾਂ ਕਾਰਨ ਚੋਣ ਜ਼ਾਬਤਾ ਲੱਗ ਚੁੱਕਿਆ ਸੀ। ਉਨ੍ਹਾਂ ਕਿਹਾ ਕਿ ਬਲਾਕ ਸਮਿਤੀ ਮੈਂਬਰਾਂ ਨਾਲ ਜੋ ਗਿਲ੍ਹੇ-ਸ਼ਿਕਵੇ ਹਨ ਉਹ ਜਲਦ ਦੂਰ ਕਰ ਲਏ ਜਾਣਗੇ। ਚੇਅਰਪਰਸਨ ਤੋਂ ਜਦੋਂ ਪੁੱਛਿਆ ਕਿ ਉਨ੍ਹਾਂ ਨੂੰ ਜਦੋਂ ਅਹੁਦਾ ਮਿਲਿਆ ਤਾਂ ਉਹ ਕਾਂਗਰਸ ਪਾਰਟੀ ਨਾਲ ਸਬੰਧ ਰੱਖਦੇ ਸਨ ਪਰ ਹੁਣ ਉਹ ਕਿਸ ਪਾਰਟੀ ਵੱਲ ਹਨ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਉਹ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ।