ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 16 ਅਗਸਤ
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਅਤੇ ਰੋਡ ਸੰਘਰਸ਼ ਕਮੇਟੀ ਸੰਤੋਖਪੁਰਾ ਵੱਲੋਂ ਬਲਾਕ ਮੀਤ ਪ੍ਰਧਾਨ ਜਗਤਾਰ ਸਿੰਘ ਲੱਡੀ ਦੀ ਅਗਵਾਈ ਹੇਠ ਪਿੰਡ ਖੇੜੀ ਚੰਦਵਾਂ ਵਿੱਚ ਭਾਰਤਮਾਲਾ ਪ੍ਰਾਜੈਕਟ ਡਾਇਰੈਕਟਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਯੂਨੀਅਨ ਦੇ ਆਗੂ ਬਲਵਿੰਦਰ ਸਿੰਘ ਘਨੌੜ, ਕਰਮ ਚੰਦ ਪੰਨਵਾਂ ਤੇ ਹਰਜਿੰਦਰ ਸਿੰਘ ਘਰਾਚੋਂ ਨੇ ਦੱਸਿਆ ਕਿ ਜਿੱਥੇ ਅੱਜ ਸਰਕਾਰਾਂ ਆਜ਼ਾਦੀ ਦਿਵਸ ਮਨਾਉਣ ਦੇ ਡਰਾਮੇ ਕਰ ਰਹੀਆਂ ਹਨ, ਉੱਥੇ ਹੀ ਕਿਰਤੀ ਲੋਕਾਂ ਨੂੰ ਆਪਣੇ ਹੱਕ ਲੈਣ ਲਈ ਸੜਕਾਂ ਉਪਰ ਬੈਠਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਆਗੂਆਂ ਨੇ ਦੋਸ਼ ਲਾਇਆ ਕਿ ਪਿੰਡ ਸੰਤੋਖਪੁਰਾ ਦੇ ਜਿਹੜੇ ਕਿਸਾਨਾਂ ਦੀਆਂ ਜ਼ਮੀਨਾਂ ਇਸ ਸਰਕਾਰ ਦੇ ਪ੍ਰਾਜੈਕਟ ਵਿੱਚ ਆਈਆਂ ਹਨ, ਉਨ੍ਹਾਂ ਜ਼ਮੀਨਾਂ ਨੂੰ ਬਿਨਾਂ ਪੈਸੇ ਦਿੱਤਿਆਂ ਧੱਕੇ ਨਾਲ ਦੱਬਿਆ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਕਿਸਾਨਾਂ ਦੀ ਸਹਿਮਤੀ ਤੋਂ ਬਿਨਾਂ ਸਰਕਾਰ ਨੂੰ ਜ਼ਮੀਨਾਂ ਦੱਬਣ ਨਹੀਂ ਦੇਣ ਦਿੱਤੀਆਂ ਜਾਣਗੀਆਂ। ਇਸ ਮੌਕੇ ਨਵੀਂ ਚੁਣੀ ਗਈ ਰੋਡ ਸੰਘਰਸ਼ ਕਮੇਟੀ ਦੇ ਆਗੂ ਹਰਮਨਪ੍ਰੀਤ ਸਿੰਘ ਸੰਤੋਖਪੁਰਾ, ਕੁਲਦੀਪ ਸਿੰਘ ਜਲਾਣ, ਗੁਰਪ੍ਰੀਤ ਸਿੰਘ ਸੰਤੋਖਪੁਰਾ ਅਤੇ ਮਨਪ੍ਰੀਤ ਸਿੰਘ ਜਲਾਣ ਮੌਜੂਦ ਸਨ।