ਪੱਤਰ ਪ੍ਰੇਰਕ
ਸਰਦੂਲਗੜ੍ਹ, 16 ਅਗਸਤ
ਇਥੋਂ ਦੇ ਬਲਰਾਜ ਸਿੰਘ ਮੈਮੋਰੀਅਲ ਯੂਨੀਵਰਸਿਟੀ ਕਾਲਜ, ਸਰਦੂਲਗੜ੍ਹ ਵਿੱਚ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਦੌਰਾਨ ਉਪ ਮੰਡਲ ਮੈਜਿਸਟਰੇਟ ਪੂਨਮ ਸਿੰਘ ਵੱਲੋਂ ਤਿਰੰਗਾ ਲਹਿਰਾਇਆ ਗਿਆ। ਇਸ ਦੌਰਾਨ ਮੈਡੀਕਲ ਅਫ਼ਸਰ ਝੁਨੀਰ ਰਵਨੀਤ ਕੌਰ ਦਾ ਵੀ ਸਨਮਾਨ ਕੀਤਾ ਗਿਆ ਪਰ ਉਨ੍ਹਾਂ ਨੇ ਸਟੇਜ ਤੋਂ ਉਤਰਦਿਆਂ ਹੀ ਆਪਣਾ ਸਨਮਾਨ ਪੱਤਰ ਪਾੜ ਕੇ ਸੁੱਟ ਦਿੱਤਾ। ਉਨ੍ਹਾਂ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਬਣਦਾ ਮਾਣ ਸਨਮਾਨ ਨਹੀਂ ਦਿੱਤਾ ਗਿਆ। ਇਸ ਮਗਰੋਂ ਉਹ ਉੱਥੋਂ ਚਲੇ ਗਏ। ਇਸ ਸਬੰਧੀ ਡਾ. ਰਵਨੀਤ ਕੌਰ ਨਾਲ ਸੰਪਰਕ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨਾਲ ਗੱਲਬਾਤ ਨਹੀਂ ਹੋ ਸਕੀ। ਇਸ ਸਬੰਧੀ ਸਿਹਤ ਵਿਭਾਗ ਦੇ ਕਰਮਚਾਰੀ ਬਲਜੀਤ ਕੌਰ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਸਿਆਸੀ ਅਤੇ ਕੁਝ ਹੋਰਾਂ ਦਾ ਵਿਸ਼ੇਸ਼ ਤੌਰ ’ਤੇ ਮਾਣ-ਸਤਿਕਾਰ ਕੀਤਾ ਗਿਆ ਪਰ ਕਰੋਨਾ ਕਾਲ ਦੌਰਾਨ ਜਾਨ ਦੀ ਪ੍ਰਵਾਹ ਨਾ ਕਰਦਿਆਂ ਕੰਮ ਕਰਨ ਵਾਲੇ ਸਿਹਤ ਵਿਭਾਗ ਦੇ ਅਫ਼ਸਰ ਅਤੇ ਕਰਮਚਾਰੀਆਂ ਨੂੰ ਇਕੱਠ ਦੇ ਰੂਪ ਵਿੱਚ ਇਹ ਸਨਮਾਨ ਦਿੱਤਾ ਗਿਆ। ਐੱਸਡੀਐੱਮ ਸਰਦੂਲਗੜ੍ਹ ਪੂਨਮ ਸਿੰਘ ਨੇ ਕਿਹਾ ਕਿ ਸਨਮਾਨ ਵਿੱਚ ਕਿਸੇ ਨਾਲ ਕੋਈ ਭੇਦ-ਭਾਵ ਨਹੀਂ ਕੀਤਾ ਗਿਆ।