ਕਿਰਤੀਆਂ ’ਤੇ ਹਮਲਾ
7 ਨਵੰਬਰ ਦੇ ਨਜ਼ਰੀਆ ਪੰਨੇ ’ਤੇ ਸੁੱਚਾ ਸਿੰਘ ਗਿੱਲ ਦਾ ਲੇਖ ‘ਖੇਤੀ ਖ਼ਿਲਾਫ਼ ਕੇਂਦਰ ਦਾ ਵਿਤਕਰਾ-ਦਰ-ਵਿਤਕਰਾ’ ਕੇਂਦਰ ਸਰਕਾਰ ਦੇ ਕਿਸਾਨਾਂ ਖ਼ਿਲਾਫ਼ ਵਿੱਢੇ ਹਮਲੇ ਦਾ ਪਰਦਾ ਚਾਕ ਕਰਦਾ ਹੈ। ਪਹਿਲਾਂ ਕਿਰਤ ਕਾਨੂੰਨਾਂ ਵਿਚ ਸੋਧ ਕਰ ਕੇ ਕੇਂਦਰ ਸਰਕਾਰ ਨੇ ਮਜ਼ਦੂਰ ਜਮਾਤ ’ਤੇ ਘਿਨਾਉਣਾ ਹਮਲਾ ਕੀਤਾ; ਕਿਰਤੀ ਜਮਾਤ ’ਤੇ ਇਹ ਹਮਲਾ ਉਦੋਂ ਕੀਤਾ ਜਦੋਂ ਪਰਵਾਸੀ ਮਜ਼ਦੂਰ ਕਰੋਨਾ ਸੰਕਟ ਦੇ ਮਧੋਲੇ, ਨੰਗੇ ਪੈਰੀਂ ਹਜ਼ਾਰਾਂ ਕਿਲੋਮੀਟਰ ਦਾ ਪੈਂਡਾ ਤੈਅ ਕਰਦੇ ਹੋਏ ਆਪਣੇ ਘਰਾਂ ਨੂੰ ਪੈਦਲ ਜਾ ਰਹੇ ਸਨ। ਕਿਸਾਨ ਵਿਰੋਧੀ ਕਾਨੂੰਨ, ਬਿਜਲੀ ਬਿੱਲ-2020 ਅਤੇ ਹੁਣ ਪਰਾਲੀ ਸਾੜਨ ’ਤੇ ਇਕ ਕਰੋੜ ਜੁਰਮਾਨਾ ਅਤੇ ਪੰਜ ਸਾਲ ਦੀ ਕੈਦ ਵਾਲਾ ਆਰਡੀਨੈਂਸ ਕਿਰਤੀ ਅਤੇ ਕਿਸਾਨ ਦੁਸ਼ਮਣੀ ਦੀਆਂ ਮਿਸਾਲਾਂ ਹਨ। ਕੇਂਦਰ ਵਿਚ ਭਾਵੇਂ ਨਰਿੰਦਰ ਮੋਦੀ ਦੀ ਸਰਕਾਰ ਹੋਵੇ ਜਾਂ 1991 ਵਿਚ ਨਰਸਿਮ੍ਹਾ ਰਾਓ ਦੀ ਅਤੇ ਵਿਚ-ਵਿਚਕਾਰ ਅਟਲ ਬਿਹਾਰੀ ਵਾਜਪਈ ਜਾਂ ਮਨਮੋਹਨ ਸਿੰਘ ਦੀ ਸਰਕਾਰ ਹੋਵੇ, ਸਭਨਾਂ ਦਾ ਲੋਕ ਵਿਰੋਧੀ ਚਿਹਰਾ ਗਾਹੇ-ਬਗਾਹੇ ਲੋਕਾਂ ਸਾਹਮਣੇ ਆ ਗਿਆ। ਇਸ ਵਰਤਾਰੇ ਦੇ ਟਾਕਰੇ ਲਈ ਲੋਕਾਂ ਅੱਗੇ ਸੰਘਰਸ਼ ਤੋਂ ਸਿਵਾ ਕੋਈ ਚਾਰਾ ਨਹੀਂ।
ਸੁਰਿੰਦਰ ਰਾਮ ਕੁੱਸਾ, ਈਮੇਲ
(2)
ਸੁੱਚਾ ਸਿੰਘ ਗਿੱਲ ਦਾ ਲੇਖ ‘ਖੇਤੀ ਖ਼ਿਲਾਫ਼ ਕੇਂਦਰ ਦਾ ਵਿਤਰਾ-ਦਰ-ਵਿਤਕਰਾ’ ਪੜ੍ਹਿਆ। ਲੇਖਕ ਨੇ ਕੇਂਦਰ ਸਰਕਾਰ ਵੱਲੋਂ ਪੰਜਾਬ ਅਤੇ ਦੇਸ਼ ਭਰ ਦੇ ਕਿਸਾਨਾਂ ਦਾ ਲੱਕ ਤੋੜਨ ਵਾਸਤੇ ਪਿਛਲੇ ਸਮੇਂ ਤੋਂ ਜੋ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਉਸ ਬਾਰੇ ਬੜੀਆਂ ਸਾਰਥਕ ਅਤੇ ਢੁੱਕਵੀਆਂ ਉਦਾਹਰਨਾਂ ਦਿੱਤੀਆਂ ਹਨ। ਕੇਂਦਰ ਸਰਕਾਰ ਨੂੰ ਇਹ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਇਹ ਉਹੀ ਕਿਸਾਨ ਹੈ ਜਿਸ ਨੇ ਭਾਰਤ ਵਿਚ ਅੰਨ ਦੀ ਜ਼ਰੂਰਤ ਉਸ ਸਮੇਂ ਪੂਰੀ ਕੀਤੀ ਜਦੋਂ ਇਸ ਦੇਸ਼ ਦੀਆਂ ਸਰਕਾਰਾਂ ਨੂੰ ਅੰਨੇ ਭਿਖਾਰੀਆਂ ਵਾਂਗ ਠੂਠਾ ਫੜ ਕੇ ਵਿਦੇਸ਼ਾਂ ਤੋਂ ਮੰਗਣਾ ਪੈ ਰਿਹਾ ਸੀ। ਸੰਸਾਰ ਵਪਾਰ ਸੰਸਥਾ (ਡਬਲਿਊਟੀਓ) ਦੇ ਕਿਸਾਨ ਮਾਰੂ ਨਿਯਮ ਲਾਗੂ ਕਰਨ ਲਈ ਹੁਣ ਸਰਕਾਰ ਆਪਣੇ ਦੇਸ਼ ਦੇ ਕਿਸਾਨਾਂ ਨੂੰ ਪ੍ਰਾਈਵੇਟ ਕੰਪਨੀਆਂ ਅਤੇ ਕਾਰਪੋਰੇਟ ਸਨਅਤਕਾਰਾਂ ਦੀ ਚੱਕੀ ਵਿਚ ਪੀਸਣਾ ਚਾਹੁੰਦੀ ਹੈ।
ਡਾ. ਜਸਵਿੰਦਰ ਸਿੰਘ, ਅੰਮ੍ਰਿਤਸਰ
ਦਿਲੋਂ ਸਲਾਮ
7 ਨਵੰਬਰ ਨੂੰ ਸੁਪਿੰਦਰ ਸਿੰਘ ਰਾਣਾ ਦਾ ਮਿਡਲ ‘ਫੇਲ੍ਹ ਪਾਸ ਦੀ ਕਹਾਣੀ’ ਪੜ੍ਹਦਿਆਂ ਸੋਚ ਰਿਹਾ ਸੀ ਕਿ ਅੱਜ ਸਮਾਜ ਇੰਨਾ ਸਵਾਰਥੀ ਕਿਉਂ ਹੋ ਗਿਆ ਹੈ ਤੇ ਗੋਲੂ ਵਰਗੇ ਲੋਕ ਲੋਪ ਕਿਉਂ ਹੋ ਰਹੇ ਹਨ! ਅਜਿਹੇ ਲੋਕ ਬਹੁਤ ਘੱਟ ਹਨ ਜੋ ਕਿਸੇ ਲੋੜਵੰਦ ਦੀ ਜ਼ਿੰਦਗੀ ’ਚ ਖੁਸ਼ੀਆਂ ਭਰਨ ਨੂੰ ਹੀ ਆਪਣੀ ਖੁਸ਼ੀ ਸਮਝਦੇ ਹਨ। ਅਜਿਹੇ ਨੇਕ ਲੋਕਾਂ ਤੇ ਉਨ੍ਹਾਂ ਦੀ ਸੋਚ ਨੂੰ ਦਿਲੋਂ ਸਲਾਮ ਹੈ।
ਪਰਮਜੀਤ ਸਿੰਘ ਪਰਵਾਨਾ, ਆਕਾਸ਼ਵਾਣੀ ਪਟਿਆਲਾ
ਦਿੱਲੀ ਧਰਨੇ ਦਾ ਮਤਲਬ
7 ਨਵੰਬਰ ਨੂੰ ਪੰਨਾ 2 ਉੱਤੇ ਸੁਖਬੀਰ ਸਿੰਘ ਬਾਦਲ ਦਾ ਬਿਆਨ ਛਪਿਆ ਹੈ: ‘ਕੈਪਟਨ ਦਾ ਦਿੱਲੀ ਧਰਨਾ ਮਹਿਜ਼ ਸਿਆਸੀ ਡਰਾਮਾ’। ਦਿੱਲੀ ’ਚ ਧਰਨਾ ਡਰਾਮਾ ਨਹੀਂ, ਦਰੁਸਤ ਕਾਰਵਾਈ ਹੈ ਕਿਉਂਕਿ ਦਿੱਲੀ ਦੇਸ਼ ਦੀ ਰਾਜਧਾਨੀ ਹੈ ਅਤੇ ਉੱਥੇ ਬੈਠਾ ਕੌਮਾਂਤਰੀ ਮੀਡੀਆ ਵੱਧ ਪ੍ਰਭਾਵਿਤ ਵੈੱਬਸਾਈਟਾਂ, ਵੱਖ ਵੱਖ ਭਾਸ਼ਾਵਾਂ ਨਾਲ ਲੈਸ ਹੈ। ਨਾਲੇ ਉੱਥੇ ਬਾਹਰਲੇ ਹਰ ਦੇਸ਼ ਦਾ ਸਫ਼ੀਰ ਬੈਠੇ ਹਨ, ਉਹ ਵੀ ਹਕੀਕਤ ਨੂੰ ਨੇੜਿਓਂ ਨਿਹਾਰਦੇ ਹਨ। ਇਹੀ ਨਹੀਂ, ਇਸ ਸੂਰਤ ਵਿਚ ਸਰਗਰਮ ਗੋਦੀ ਮੀਡੀਆ ਵੀ ਅਰਥਹੀਣ ਹੁੰਦਾ ਹੈ। ਸਮੁੱਚੇ ਦੇਸ਼ ਦਾ ਕਿਸਾਨ/ਸਿਆਸਤਦਾਨ ਵੀ ਪੰਜਾਬ ਦੇ ਕਿਸਾਨ-ਅੰਦੋਲਨ ਪਿੱਛੇ ਕਤਾਰਬੰਦ ਹੁੰਦਾ ਹੈ, ਅਰਥਾਤ ਵਿਰੋਧੀ ਭੈਅਭੀਤ ਹੁੰਦਾ ਹੈ। ਪੰਜਾਬ ਵਿਚ ਵਿਰੋਧ ਕਰਨਾ ਸੌਖਾ ਹੈ ਕਿਉਂਕਿ ਸਰਕਾਰ ਅਤੇ ਕਿਸਾਨ ਇਕਮਿਕ ਹਨ; ਦਿੱਲੀ ਪਹੁੰਚ ਕੇ ਵਿਰੋਧ ਕਰਨਾ ਔਖਾ ਹੈ। ਮੁੱਕਦੀ ਗੱਲ: ਸੰਵਾਦ/ਹੱਲ ਤਾਂ ਦਿੱਲੀ ਵਿਚ ਹੀ ਹੋਣਾ ਹੈ।
ਇਕਬਾਲ ਸਿੰਘ ਚੀਮਾ, ਨਵਾਂਸ਼ਹਿਰ
ਉਮਰਾਂ ਦਾ ਵਿਰਲਾਪ
ਸੁਫ਼ਨਿਆਂ ਵਰਗੇ ਬੰਦਿਆਂ ਬਾਰੇ ਸਾਂਵਲ ਧਾਮੀ ਦਾ 7 ਨਵੰਬਰ ਨੂੰ ਛਪਿਆ ਲੇਖ ‘ਕਾਮਰੇਡ ਖਜ਼ਾਨ ਸਿੰਘ’ (ਸਤਰੰਗ) ਦਿਲ ਅੰਦਰ ਉਤਰ ਗਿਆ। ਅਸੀਂ ਭਾਵੇਂ ਸੰਤਾਲੀ ਨਹੀਂ ਦੇਖਿਆ ਪਰ ਜਿਨ੍ਹਾਂ ਨੇ ਇਹ ਡਰਾਵਣਾ ਬਿਰਤਾਂਤ ਦੇਖਿਆ ਹੈ, ਉਹ ਖ਼ੂਨ ਦੇ ਹੰਝੂ ਰੋਏ ਹਨ। ਉਸ ਵਕਤ ਜੋ ਦੁਵੱਲਿਉਂ ਮਾਰਧਾੜ ਹੋਈ, ਉਸ ਵਿਚ ਇਨਸਾਨੀਅਤ ਵੱਢੀ ਟੁੱਕੀ ਗਈ। ਲੋਕਾਂ ਨੂੰ ਬਚਾਉਣ ਵਾਲੇ ਵੀ ਭਾਵੇਂ ਬਹੁਤ ਸਨ ਪਰ ਕਾਮਰੇਡ ਖਜ਼ਾਨ ਸਿੰਘ ਵਾਂਗ ਕੰਧ ਬਣ ਕੇ ਖੜ੍ਹਨ ਵਾਲੇ ਅਤੇ ਆਪਾ ਵਾਰ ਜਾਣ ਵਾਲੇ ਵਿਰਲੇ-ਟਾਂਵੇ ਹੀ ਸਨ। ਖਜ਼ਾਨ ਸਿੰਘ ਦੇ ਕਤਲ ’ਤੇ ਜਾਂਦੀ ਵਾਰੀ ਮੰਦ੍ਹੇ ਤੇਲੀ ਦੇ ਉਚਾਰੇ ਵਿਯੋਗਮਈ ਸ਼ਬਦ- ‘‘ਸਾਡੇ ਲਈ ਮਰਨ ਵਾਲਿਆ! ਅਸੀਂ ਤੈਨੂੰ ਆਪਣੀ ਮੌਤ ਤਕ ਯਾਦ ਰੱਖਾਂਗੇ’’, ਉਮਰਾਂ ਦੇ ਵਿਰਲਾਪ ਵਰਗੇ ਹਨ। ਜਦੋਂ ਏਕਾ ਖਿੰਡਦਾ ਹੈ ਤਾਂ ਕੋਈ ਵੀ ‘‘ਖਜ਼ਾਨਾ’’ ਨਹੀਂ ਸਾਂਭਿਆ ਜਾ ਸਕਦਾ। ਸੰਤਾਲੀ ’ਚ ਮੁਲਕ ਐਸਾ ਵੰਡਿਆ ਗਿਆ ਕਿ ਅਸੀਂ ਯੁਗਾਂ ਯੁਗਾਂ ਤਕ ਖਾਲ-ਮ-ਖਾਲੀ ਹੋ ਗਏ। ਵੰਡ ਦੇ ਦੁੱਖੜੇ ਡਾਢੇ ਹਨ।
ਕਰਮਜੀਤ ਸਕਰੁੱਲਾਂਪੁਰੀ, ਈਮੇਲ