ਅਬੂਧਾਬੀ, 2 ਸਤੰਬਰ
ਭਾਰਤ ਅਤੇ ਯੂਏਈ ਨੇ ਅਗਲੇ ਪੰਜ ਸਾਲਾਂ ’ਚ ਦੁਵੱਲੇ ਵਪਾਰ ਦੇ 100 ਅਰਬ ਡਾਲਰ ਦੇ ਟੀਚੇ ਨੂੰ ਹਾਸਲ ਕਰਨ ਪ੍ਰਤੀ ਵਚਬੱਧਤਾ ਦੁਹਰਾਈ ਹੈ। ਦੋਵੇਂ ਮੁਲਕਾਂ ਵਿਚਕਾਰ ਸਾਂਝੇ ਕਮਿਸ਼ਨ ਦੀ ਬੈਠਕ ’ਚ ਹਿੱਸਾ ਲੈਣ ਵਾਲੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਮੀਟਿੰਗ ਨੂੰ ਉਸਾਰੂ ਦੱਸਿਆ। ਇਸ ਦੌਰਾਨ ਯੂਏਈ ਵੱਲੋਂ ਭਾਰਤ ’ਚ ਵੱਖ ਵੱਖ ਸੈਕਟਰਾਂ ’ਚ ਕੀਤੇ ਗਏ ਨਿਵੇਸ਼ ਬਾਰੇ ਵੀ ਚਰਚਾ ਹੋਈ। ਤਿੰਨ ਰੋਜ਼ਾ ਦੌਰੇ ’ਤੇ ਇਥੇ ਆਏ ਜੈਸ਼ੰਕਰ ਨੇ 14ਵੀਂ ਭਾਰਤ-ਯੂਏਈ ਜੁਆਇੰਟ ਕਮਿਸ਼ਨ ਮੀਟਿੰਗ ’ਚ ਯੂਏਈ ਦੇ ਆਪਣੇ ਹਮਰੁਤਬਾ ਸ਼ੇਖ਼ ਅਬਦੁੱਲਾ ਬਿਨ ਜ਼ਾਯੇਦ ਅਲ ਨਾਹਯਾਨ ਨਾਲ ਹਿੱਸਾ ਲਿਆ। ਮੀਟਿੰਗ ਦੌਰਾਨ ਦੋਵੇਂ ਮੰਤਰੀਆਂ ਨੇ ਭਾਰਤ ਅਤੇ ਯੂਏਈ ਵਿਚਕਾਰ ਦੁਵੱਲੇ ਸਬੰਧਾਂ ’ਤੇ ਆਪਣੀ ਸੰਤੁਸ਼ਟੀ ਜ਼ਾਹਿਰ ਕੀਤੀ। ਦੋਵੇਂ ਆਗੂਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਯੂਏਈ ਦੇ ਰਾਸ਼ਟਰਪਤੀ ਸ਼ੇਖ਼ ਮੁਹੰਮਦ ਬਿਨ ਜ਼ਾਯੇਦ ਅਲ ਨਾਹਯਾਨ ਨਾਲ ਆਬੂਧਾਬੀ ’ਚ 28 ਜੂਨ ਨੂੰ ਹੋਈ ਮੀਟਿੰਗ ਦਾ ਉਚੇਚੇ ਤੌਰ ’ਤੇ ਜ਼ਿਕਰ ਕਰਦਿਆਂ ਕਿਹਾ ਕਿ ਸਿਆਸੀ ਤੌਰ ’ਤੇ ਉੱਚ ਪੱਧਰੀ ਵਿਚਾਰ ਵਟਾਂਦਰਾ ਵੀ ਨਿਯਮਤ ਤੌਰ ’ਤੇ ਜਾਰੀ ਹੈ। ਉਨ੍ਹਾਂ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ’ਚ ਇਕ-ਦੂਜੇ ਦਾ ਸਹਿਯੋਗ ਕੀਤੇ ਜਾਣ ਦਾ ਵੀ ਜ਼ਿਕਰ ਕੀਤਾ। ਦੋਵੇਂ ਮੰਤਰੀਆਂ ਨੇ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ ’ਚ ਸ਼ਾਮਲ ਹੋਣ ’ਤੇ ਵੀ ਖੁਸ਼ੀ ਪ੍ਰਗਟਾਈ। ਮੰਨਿਆ ਜਾ ਰਿਹਾ ਹੈ ਕਿ ਦੋਵੇਂ ਮੁਲਕਾਂ ਦੀ ਉੱਚ ਪੱਧਰੀ ਟਾਸਕ ਫੋਰਸ ਦੀ ਅਗਲੀ ਮੀਟਿੰਗ ਛੇਤੀ ਹੀ ਭਾਰਤ ’ਚ ਹੋਵੇਗੀ। ਦੋਵੇਂ ਮੰਤਰੀਆਂ ਨੇ ਫਿਨਟੈੱਕ, ਐਜੂਟੈੱਕ, ਹੈਲਥਟੈੱਕ, ਐਗਰੀਟੈੱਕ ਆਦਿ ਖੇਤਰਾਂ ’ਚ ਸਟਾਰਟ ਅੱਪਸ ਨੂੰ ਉਤਸ਼ਾਹਿਤ ਕਰਨ ’ਤੇ ਵੀ ਜ਼ੋਰ ਦਿੱਤਾ। -ਪੀਟੀਆਈ