ਨਵੀਂ ਦਿੱਲੀ, 16 ਫਰਵਰੀ
ਕਾਂਗਰਸ ਨੇ ਅੱਜ ਭਾਜਪਾ ਸਰਕਾਰ ’ਤੇ ‘ਵਿਵਾਦ ਤਿਆਰ ਕਰਨ’ ਦਾ ਦੋਸ਼ ਲਾਉਂਦਿਆਂ ਕਿਹਾ ਕਿ ਪਾਰਟੀ ਲੋਕਾਂ ਨੂੰ ਵੰਡਣ ਲਈ ਭਾਵਨਾਵਾਂ ਦਾ ਸਹਾਰਾ ਲੈ ਰਹੀ ਹੈ ਤਾਂ ਕਿ ਉਹ ਮਾੜੇ ਪ੍ਰਸ਼ਾਸਨ ਅਤੇ ਆਰਥਿਕ ਮੰਦਹਾਲੀ ਦੇ ਮੁੱਦੇ ਨਾ ਚੁੱਕਣ। ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਸਰਕਾਰ ’ਤੇ ਤੇਲ ਦੀਆਂ ਉੱਚ ਕੀਮਤਾਂ ਲਈ ਨਿਸ਼ਾਨਾ ਸਾਧਦਿਆਂ ਦੋਸ਼ ਲਾਇਆ ਕਿ ਇਸ ਵੱਲੋਂ ਲੋਕਾਂ ਦੀ ਲੁੱਟ ਕੀਤੀ ਜਾ ਰਹੀ ਹੈ। ਪੈਟਰੋਲ-ਡੀਜ਼ਲ ਦੀਆਂ ਲਗਾਤਾਰ ਵਧਦੀਆਂ ਕੀਮਤਾਂ ਦਰਮਿਆਨ ਕਾਂਗਰਸ ਨੇ ਪੈਟਰੋਲੀਅਮ ਪਦਾਰਥਾਂ ’ਤੇ ਲਾਏ ਜਾਂਦੇ ਟੈਕਸ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ। ਪਾਰਟੀ ਨੇ ਦੋਸ਼ ਲਾਇਆ ਕਿ ਪਿਛਲੇ ਛੇ ਸਾਲਾਂ ਵਿੱਚ ਸਰਕਾਰ ਨੇ ਟੈਕਸਾਂ ਰਾਹੀਂ 20 ਲੱਖ ਕਰੋੜ ਤੋਂ ਵੱਧ ਰੁਪਏ ਕਮਾਏ ਹਨ ਜਦਕਿ ਆਮ ਵਿਅਕਤੀ ਨੂੰ ਪ੍ਰੇਸ਼ਾਨੀਆਂ ਦਾ ਹੀ ਸਾਹਮਣਾ ਕਰਨਾ ਪੈ ਰਿਹਾ ਹੈ। ਇੱਕ ਪ੍ਰੈੱਸ ਕਾਨਫਰੰਸ ’ਚ ਸੰਬੋਧਨ ਕਰਦਿਆਂ ਕਾਂਗਰਸ ਦੇ ਬੁਲਾਰੇ ਪਵਨ ਖੇੜਾ ਨੇ ਇਸ ਨੂੰ ‘ਮੋਦੀ ਟੈਕਸ’ ਆਖਦਿਆਂ ਕਿਹਾ,‘ਅਸੀਂ ਪਿਛਲੇ 6.8 ਸਾਲਾਂ ਤੋਂ ਲਾਏ ਜਾ ਰਹੇ ਇਸ ਵਾਧੂ ‘ਮੋਦੀ ਟੈਕਸ’ ਨੂੰ ਵਾਪਸ ਲੈਣ ਦੀ ਮੰਗ ਕਰਦੇ ਹਾਂ।’
-ਪੀਟੀਆਈ
ਇਰਾਨੀ ਵੱਲੋਂ ਰਾਹੁਲ ਨੂੰ ਗੁਜਰਾਤ ਤੋਂ ਚੋਣ ਲੜਨ ਦੀ ਚੁਣੌਤੀ
ਵੰਸਦਾ (ਗੁਜਰਾਤ): ਕੇਂਦਰੀ ਮੰਤਰੀ ਅਤੇ ਭਾਜਪਾ ਐੱਮਪੀ ਸਮ੍ਰਿਤੀ ਇਰਾਨੀ ਨੇ ਕਾਂਗਰਸੀ ਆਗੂ ਰਾਹੁਲ ਗਾਂਧੀ ਨੂੰ ਗੁਜਰਾਤ ਦੇ ਛੋਟੇ ਚਾਹ ਕਾਰੋਬਾਰੀਆਂ ਦੀਆਂ ਜੇਬਾਂ ’ਚੋਂ ਪੈਸੇ ਕਢਵਾਉਣ ਤੇ ਸੂਬੇ ਤੋਂ ਚੋਣ ਲੜਨ ਦਾ ਸਾਹਸ ਦਿਖਾਉਣ ਦੀ ਚੁਣੌਤੀ ਦਿੱਤੀ। ਉਨ੍ਹਾਂ ਦੋਸ਼ ਲਾਇਆ ਕਿ ਗੁਜਰਾਤ ਪ੍ਰਤੀ ਕਾਂਗਰਸ ਦੀ ਨਫ਼ਰਤ ਤੇ ਪੱਖਪਾਤ ਭਰਿਆ ਵਤੀਰਾ ਕੋਈ ਨਵਾਂ ਨਹੀਂ ਹੈ।’
-ਪੀਟੀਆਈ
ਭਾਜਪਾ ਨੇ ਰਾਹੁਲ ਨੂੰ ‘ਪ੍ਰਵਾਸੀ ਆਗੂ’ ਦੱਸਿਆ
ਤ੍ਰਿਸ਼ੂਰ (ਕੇਰਲਾ): ਭਾਜਪਾ ਨੇ ਰਾਹੁਲ ਗਾਂਧੀ ’ਤੇ ਵਰ੍ਹਦਿਆਂ ਉਨ੍ਹਾਂ ਨੂੰ ‘ਪਰਵਾਸੀ ਆਗੂ’ ਕਿਹਾ ਜਿਨ੍ਹਾਂ ਅਮੇਠੀ ਦੇ ਲੋਕਾਂ ਵੱਲੋਂ ਉਨ੍ਹਾਂ ਨੂੰ ਨਾਪਸੰਦ ਕਰਨ ਮਗਰੋਂ ਕੇਰਲਾ ’ਚ ‘ਸ਼ਰਨ’ ਲਈ ਹੈ। ਸਬਰੀਮਾਲਾ ਮੰਦਰ ਵਿੱਚ ਔਰਤਾਂ ਦੇ ਦਾਖ਼ਲੇ ਦੇ ਮੁੱਦੇ ’ਤੇ ਸ੍ਰੀ ਗਾਂਧੀ ’ਤੇ ਨਿਸ਼ਾਨਾ ਸਾਧਦਿਆਂ ਸੀਨੀਅਰ ਭਾਜਪਾ ਆਗੂ ਤੇ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਉਨ੍ਹਾਂ ਨੂੰ ਆਸਥਾ ਦੇ ਇਸ ਮਾਮਲੇ ’ਤੇ ਆਪਣਾ ਪੱਖ ਸਪੱਸ਼ਟ ਕਰਨ ਲਈ ਕਿਹਾ।
-ਪੀਟੀਆਈ