ਚਰਨਜੀਤ ਭੁੱਲਰ
ਚੰਡੀਗੜ੍ਹ, 13 ਮਈ
ਪੰਜਾਬ ਦੇ ਜਿਨ੍ਹਾਂ ਪਿੰਡ ਵੱਲੋਂ ਪੰਚਾਇਤੀ ਜ਼ਮੀਨ ਤੋਂ ਨਾਜਾਇਜ਼ ਕਬਜ਼ੇ ਛੱਡੇ ਜਾਣਗੇ, ਉਨ੍ਹਾਂ ਪਿੰਡਾਂ ਨੂੰ ਵਿਸ਼ੇਸ਼ ਤੋਹਫ਼ਾ ਮਿਲੇਗਾ। ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਇੱਥੇ ਕਿਹਾ ਕਿ ਪੰਚਾਇਤੀ ਜ਼ਮੀਨਾਂ ’ਤੇ ਨਾਜਾਇਜ਼ ਤੌਰ ’ਤੇ ਕਾਬਜ਼ ਹੋਏ ਲੋਕਾਂ ਵੱਲੋਂ ਹੁਣ ‘ਆਪ’ ਸਰਕਾਰ ਨੂੰ ਜ਼ਮੀਨਾਂ ਛੱਡਣ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਨਾਜਾਇਜ਼ ਕਾਬਜ਼ਕਾਰਾਂ ਨੂੰ ਸਵੈ ਇੱਛਾ ਨਾਲ 31 ਮਈ ਤੱਕ ਜ਼ਮੀਨਾਂ ਛੱਡਣ ਦੀ ਮੋਹਲਤ ਦਿੱਤੀ ਹੈ। ਉਸ ਮਗਰੋਂ ਨਾਜਾਇਜ਼ ਕਾਬਜ਼ਕਾਰਾਂ ਤੋਂ ਪੁਰਾਣੇ ਬਕਾਏ ਵੀ ਵਸੂਲੇ ਜਾਣਗੇ ਅਤੇ ਪੁਲੀਸ ਕੇਸ ਵੀ ਦਰਜ ਕਰਾਏ ਜਾਣਗੇ। ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਛਲੇੜੀ ਕਲਾਂ ਵਿੱਚ ਲੋਕਾਂ ਨੇ ਸਵੈ ਇੱਛਾ ਨਾਲ 417 ਏਕੜ ਪੰਚਾਇਤੀ ਜ਼ਮੀਨ ਵਿੱਚੋਂ ਨਾਜਾਇਜ਼ ਕਬਜ਼ਾ ਛੱਡਿਆ ਹੈ। ਪੰਚਾਇਤ ਮੰਤਰੀ ਨੇ ਖ਼ੁਦ ਪਿੰਡ ਵਿੱਚ ਜਾ ਕੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਅਤੇ ਪਿੰਡ ਦੇ ਲੋਕਾਂ ਦੀ ਮੰਗ ਪੂਰੀ ਕਰਦਿਆਂ ਪਿੰਡ ਵਿੱਚ ਪਸ਼ੂ ਹਸਪਤਾਲ ਬਣਾਉਣ ਦਾ ਐਲਾਨ ਕੀਤਾ ਹੈ। ਅੱਜ ਪੰਚਾਇਤ ਮੰਤਰੀ ਧਾਲੀਵਾਲ ਨੇ ਕਿਹਾ ਕਿ ਪੰਜਾਬ ਦੇ ਨਾਜਾਇਜ਼ ਕਬਜ਼ਾਕਾਰ ਪਿੰਡ ਛਲੇੜੀ ਕਲਾਂ ਦੇ ਲੋਕਾਂ ਤੋਂ ਸੇਧ ਲੈਣ ਅਤੇ ਖ਼ੁਦ ਹੀ ਕਬਜ਼ੇ ਛੱਡਣ। ਪੰਚਾਇਤ ਮੰਤਰੀ ਨੇ ਕਿਹਾ ਕਿ ਜਿਸ ਪਿੰਡ ਵਿੱਚ ਲੋਕ ਵੱਡੇ ਰਕਬੇ ਤੋਂ ਨਾਜਾਇਜ਼ ਕਬਜ਼ੇ ਛੱਡਣਗੇ, ਉਸ ਪਿੰਡ ਨੂੰ ਸਰਕਾਰ ਤਰਫ਼ੋਂ ਵਿਸ਼ੇਸ਼ ਤੋਹਫ਼ੇ ਵਜੋਂ ਕੋਈ ਵਿਕਾਸ ਪ੍ਰਾਜੈਕਟ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਹੁਣ ਤੱਕ ਕਰੀਬ 1100 ਏਕੜ ਜ਼ਮੀਨ ਤੋਂ ਨਾਜਾਇਜ਼ ਕਬਜ਼ੇ ਛੁਡਵਾਏ ਜਾ ਚੁੱਕੇ ਹਨ। ਜਾਣਕਾਰੀ ਮੁਤਾਬਕ ਸੰਸਦ ਮੈਂਬਰ ਹੰਸ ਰਾਜ ਹੰਸ ਦੇ ਪਰਿਵਾਰ ਵੱਲੋਂ ਜ਼ਿਲ੍ਹਾ ਜਲੰਧਰ ਦੇ ਪਿੰਡ ਸਫੀਪੁਰ ਵਿੱਚ 99 ਸਾਲਾਂ ਪਟੇ ’ਤੇ ਲਈ 6.5 ਏਕੜ ਜ਼ਮੀਨ ਦਾ ਕੇਸ ਵੀ ਪੰਚਾਇਤ ਵਿਭਾਗ ਵਿਚਾਰਨ ਲੱਗਾ ਹੈ। ਪੰਚਾਇਤ ਅਧਿਕਾਰੀਆਂ ਵੱਲੋਂ ਪਿੰਡ ਸਫੀਪੁਰ ਜਾਣ ਦਾ ਪ੍ਰੋਗਰਾਮ ਵੀ ਉਲੀਕਿਆ ਜਾ ਰਿਹਾ ਹੈ। ਪਟਿਆਲਾ ਅਤੇ ਜਲੰਧਰ ਡਿਵੀਜ਼ਨ ਵਿੱਚ ਜ਼ਿਆਦਾ ਪੰਚਾਇਤੀ ਜ਼ਮੀਨ ਨਾਜਾਇਜ਼ ਕਬਜ਼ੇ ਹੇਠ ਹੈ। ਪੰਚਾਇਤ ਵਿਭਾਗ ਕੋਲ ਕੁੱਲ 1288 ਵਿਅਕਤੀਆਂ ਤੋਂ 5596 ਏਕੜ ਜ਼ਮੀਨ ਛੁਡਵਾਉਣ ਲਈ ਕਬਜ਼ਾ ਵਾਰੰਟ ਹਨ। ਪੰਚਾਇਤ ਵਿਭਾਗ ਵੱਲੋਂ ਅੱਜ 148 ਵਿਅਕਤੀਆਂ ਤੋਂ ਨਾਜਾਇਜ਼ ਕਬਜ਼ੇ ਛੁਡਵਾਏ ਜਾ ਚੁੱਕੇ ਹਨ ਅਤੇ 1096 ਏਕੜ ਜ਼ਮੀਨ ਮੁੜ ਪੰਚਾਇਤਾਂ ਕੋਲ ਆ ਗਈ ਹੈ। ਦੱਸਣਯੋਗ ਹੈ ਕਿ ਸੂਬੇ ਵਿੱਚ ਕਰੀਬ ਕੁੱਲ 36 ਹਜ਼ਾਰ ਏਕੜ ਪੰਚਾਇਤੀ ਜ਼ਮੀਨ ਨੱਪੀ ਹੋਈ ਹੈ, ਜਿਸ ਦੀ ਮਾਰਕੀਟ ਕੀਮਤ ਕਰੀਬ ਅੱਠ ਹਜ਼ਾਰ ਕਰੋੜ ਬਣਦੀ ਹੈ। ਪੰਚਾਇਤਾਂ ਕੋਲ ਕੁੱਲ ਰਕਬਾ 6.68 ਲੱਖ ਏਕੜ ਹੈ, ਜਿਸ ਵਿੱਚੋਂ 1.70 ਲੱਖ ਏਕੜ ਰਕਬਾ ਵਾਹੀਯੋਗ ਜ਼ਮੀਨਾਂ ਦਾ ਹੈ।