ਧਰਮਸ਼ਾਲਾ, 27 ਫਰਵਰੀ
ਭਾਰਤ ਨੇ ਇਥੇ ਤੀਸਰੇ ਅਤੇ ਅੰਤਿਮ ਟੀ-20 ਮੈਚ ਵਿੱਚ ਐਤਵਾਰ ਨੂੰ ਸ੍ਰੀਲੰਕਾ ਨੂੰ ਛੇ ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ 3-0 ਨਾਲ ਜਿੱਤ ਲਈ ਹੈ। ਟੀਮ ਇੰਡੀਆ ਸਾਹਮਣੇ 147 ਦੌੜਾਂ ਦਾ ਟੀਚਾ ਸੀ ਜਿਸ ਨੂੰ ਟੀਮ ਨੇ ਚਾਰ ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਇਸ ਮੌਕੇ ਸ਼੍ਰੇਅਸ ਅਈਅਰ ਟਾਪ ਸਕੋਰਰ ਰਿਹਾ ਜਿਸ ਨੇ 69 ਦੌੜਾਂ ਬਣਾਈਆਂ। ਟੀ-20 ਕੌਮਾਂਤਰੀ ਮੈਚਾਂ ਵਿੱਚ ਭਾਰਤ ਦੀ ਇਹ ਲਗਾਤਾਰ 12ਵੀਂ ਜਿੱਤ ਹੈ। ਸ੍ਰੀਲੰਕਾ ਦੀ ਟੀਮ ਨੇ ਭਾਰਤ ਖ਼ਿਲਾਫ਼ ਕਪਤਾਨ ਦਾਸੁਨ ਸ਼ਨਾਕਾ ਦੇ ਅਰਧਸੈਂਕੜੇ ਦੇ ਦਮ ਉੱਤੇ ਪੰਜ ਵਿਕਟਾਂ ਗੁਆ ਕੇ 146 ਦੋੜਾਂ ਬਣਾਈਆਂ ਸਨ ਤੇ ਟੀਮ ਇੰਡੀਆ ਨੂੰ ਮੈਚ ਜਿੱਤਣ ਲਈ 147 ਦੋੜਾਂ ਦਾ ਟੀਚਾ ਦਿੱਤਾ ਸੀ। ਸ੍ਰੀਲੰਕਾ ਤਰਫੋਂ ਦਾਸੁਨ ਸ਼ਨਾਕਾ ਨੇ 74 ਦੋੜਾਂ ਦੀ ਹਾਰੀ ਖੇਡੀ ਜਦੋਂ ਕਿ ਦਿਨੇਸ਼ ਚਾਂਦੀਮਲ ਨੇ 25 ਤੇ ਚਾਮਿਕਾ ਕਰੂਣਾਰਤਨੇ ਨੇ ਨਾਬਾਦ 12 ਦੌੜਾਂ ਦਾ ਯੋਗਦਾਨ ਦਿੱਤਾ। ਭਾਰਤੀ ਗੇਂਦਬਾਜ਼ ਆਵੇਸ਼ ਖਾਨ ਨੇ ਦੋ ਖਿਡਾਰੀਆਂ ਨੂੰ ਪੈਵੀਲੀਅਨ ਦਾ ਰਾਹ ਦਿਖਾਇਆ ਜਦੋਂ ਕਿ ਮੁਹੰਮਦ ਸਿਰਾਜ, ਹਰਸ਼ ਪਟੇਲ ਤੇ ਰਵੀ ਬਿਸ਼ਨੋਈ ਨੇ ਇਕ-ਇਕ ਖਿਡਾਰੀ ਨੂੰ ਆਊਟ ਕੀਤਾ। ਸ੍ਰੀਲੰਕਾ ਦੇ ਕਪਤਾਨ ਦਾਸੂਨ ਸ਼ਨਾਕਾ ਨੇ ਇਥੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਟੀਮ ਇੰਡੀਆ ਇਹ ਸੀਰੀਜ਼ ਪਹਿਲਾਂ ਹੀ 2-0 ਦੇ ਫਰਕ ਨਾਲ ਜਿੱਤ ਚੁੱਕੀ ਹੈ। ਟੀਮ ਨੇ ਚਾਰ ਬਦਲਾਅ ਕੀਤੇ ਹਨ। ਸੱਟ ਲੱਗਣ ਕਾਰਨ ਇਸ਼ਾਨ ਕਿਸ਼ਨ ਮੈਚ ’ਚੋਂ ਬਾਹਰ ਹੈ ਜਦੋਂ ਕਿ ਜਸਪ੍ਰੀਤ ਬੁਮਰਾਹ, ਭੁਵਨੇਸ਼ਵਰ ਕੁਮਾਰ ਤੇ ਯੁਜਵੇਂਦਰ ਚਾਹਲ ਨੂੰ ਆਰਾਮ ਦਿੱਤਾ ਗਿਆ ਹੈ। ਉਨ੍ਹਾਂ ਦੀ ਥਾਂ ਆਵੇਸ਼ ਖਾਨ, ਮੁਹੰਮਦ ਸਿਰਾਜ, ਕੁਲਦੀਪ ਯਾਦਵ ਤੇ ਰਵੀ ਬਿਸ਼ਨੋਈ ਨੂੰ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਸ੍ਰੀਲੰਕਾ ਨੇ ਦੋ ਬਦਲਾਅ ਕਰਦਿਆਂ ਜੈਫਰੀ ਵੈਂਡਰਸੇ ਅਤੇ ਜਨਿਤ ਲਿਆਨਾਗੇ ਨੂੰ ਮੌਕਾ ਦਿੱਤਾ ਹੈ। -ਪੀਟੀਆਈ