ਰਵੇਲ ਸਿੰਘ ਭਿੰਡਰ
ਪਟਿਆਲਾ, 6 ਅਕਤੂਬਰ
ਖਿਡਾਰੀ ਤੋਂ ਸਿਆਸਦਾਨ ਬਣੇ ਨਵਜੋਤ ਸਿੱਧੂ ਦੀਆਂ ਮੁੜ ਭਾਜਪਾ ਵੱਲ ਪਰਤਣ ਦੀਆਂ ਕਨਸੋਆਂ ਹਨ। ਭਾਵੇਂ ਸਮਝਿਆ ਜਾ ਰਿਹਾ ਸੀ ਕਿ ਰਾਹੁਲ ਗਾਂਧੀ ਦੀ ਪੰਜਾਬ ਫੇਰੀ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੱਧੂ ਦਰਮਿਆਨ ਬਣੀ ਸਿਆਸੀ ਖਿੱਚੋਤਾਣ ਮੱਧਮ ਪੈ ਜਾਏਗੀ, ਪ੍ਰੰਤੂ ਸਮੀਕਰਨ ਉਲਟ ਬਣ ਕੇ ਸਾਹਮਣੇ ਆਏ ਸਮਝੇ ਜਾ ਰਹੇ ਹਨ। ਸੂਤਰਾਂ ਮੁਤਾਬਿਕ ਨਵਜੋਤ ਸਿੱਧੂ ਦੀ ਮੁੱਖ ਮੰਤਰੀ ਅਮਰਿੰਦਰ ਨਾਲ ਕੀ ਬਣਨੀ ਸੀ ਉਲਟਾ ਹੁਣ ਰਾਹੁਲ ਗਾਂਧੀ ਨਾਲ ਵੀ ਪਹਿਲਾਂ ਵਰਗਾ ਨਿੱਘ ਨਹੀ ਰਿਹਾ। ਨਵਜੋਤ ਸਿੱਧੂ ਵੱਲੋਂ ਆਪਣੇ ਜੱਦੀ ਸ਼ਹਿਰ ਪਟਿਆਲਾ ਵਿੱਚ ਰਾਹੁਲ ਗਾਂਧੀ ਵੱਲੋਂ ਦੋ ਰਾਤਾਂ ਦੇ ਠਹਿਰਾਓ ਤੇ ਜ਼ਿਲ੍ਹੇ ਦੀ ਫੇਰੀ ਤੋਂ ਵੀ ਲਾਂਭੇ ਰਹਿਣ ਤੋਂ ਸਿਆਸੀ ਮਾਹਿਰ ਕਾਂਗਰਸ ਅੰਦਰ ਖਿੱਚੋਤਾਣ ਦੀ ਕਿਸੇ ਨਾ ਕਿਸੇ ਗੁੱਠੇ ਅੱਗ ਸੁਲਗਦੀ ਹੋਣ ਦੇ ਸੰਕੇਤ ਦੇ ਰਹੇ ਹਨ। ਕਾਂਗਰਸੀ ਹਲਕਿਆਂ ਅੰਦਰ ਵੀ ਨਵਜੋਤ ਸਿੱਧੂ ਦੀ ਮੋਗਾ ਰੈਲੀ ਵਿੱਚ ਅਪਣਾਏ ਵੱਖਰੀ ਤਰ੍ਹਾਂ ਦੇ ਸਿਆਸੀ ਤੇਵਰਾਂ ਦੀ ਵੀ ਚਰਚਾ ਛਿੜੀ ਹੋਈ ਹੈ। ਸੂਤਰਾਂ ਦਾ ਕਹਿਣਾ ਹੈ ਕਿ ਸਿੱਧੂ ਦੇ ਬਦਲ ਰਹੇ ਤੇਵਰਾਂ ਦਾ ਮਾਮਲਾ ਕਾਂਗਰਸ ਦੇ ਕੁਝ ਆਗੂਆਂ ਨੇ ਰਾਹੁਲ ਗਾਂਧੀ ਦੇ ਵੀ ਕੰਨੀਂ ਪਾ ਦਿੱਤਾ ਹੈ। ਭਾਵੇਂ ਇਸ ਸਬੰਧੀ ਕਿਸੇ ਕਾਂਗਰਸੀ ਨੇ ਪੁਸ਼ਟੀ ਨਹੀ ਕੀਤੀ ਪ੍ਰੰਤੂ ਕਾਂਗਰਸੀ ਹਲਕਿਆਂ ਅੰਦਰ ਚਰਚਾ ਹੈ ਕਿ ਸਿੱਧੂ ਨੇ ਰੈਲੀ ਵਿੱਚ ਤਕਰੀਰ ਦੌਰਾਨ ਮੋਦੀ ਦੀਆਂ ਨੀਤੀਆਂ ਦਾ ਵੀ ਉਭਾਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੈਡਮ ਨਵਜੋਤ ਸਿੱਧੂ ਵੀ ਪਿਛਲੇ ਸਮੇਂ ਬਦਲ ਰਹੇ ਸਿਆਸੀ ਤੇਵਰਾਂ ਦੇ ਘੁੱਟਵੇਂ ਜਿਹੇ ਸੰਕੇਤ ਦੇ ਚੁੱਕੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਨਵਜੋਤ ਸਿੱਧੂ ਦੀ ਭਾਜਪਾ ਨਾਲ ਸਿਆਸੀ ਇੱਟ-ਖੜੱਕਾ ਸਿਰਫ਼ ਅਕਾਲੀਆਂ ਦੀ ਬਦੌਲਤ ਹੀ ਪਿਆ ਸੀ। ਸਿੱਧੂ ਚਾਹੁੰਦੇ ਸਨ ਕਿ ਅਕਾਲੀਆਂ ਨੂੰ ਭਾਜਪਾ ਲਾਂਭੇ ਕਰੇ। ਸਿੱਧੂ ਦੀ ਅਜਿਹੀ ਸ਼ਰਤ ਜਾਂ ਮਨਸ਼ਾ ਹੁਣ ਆਪਣੇ ਆਪ ਹੀ ਪ੍ਰਵਾਨ ਚੜ ਚੁੱਕੀ ਹੈ ਕਿਉਂਕਿ ਅਕਾਲੀ ਭਾਜਪਾ ਦੋਵੇਂ ਵੱਖਰੇ ਸਿਆਸੀ ਰਾਹ ਮੱਲ ਬੈਠੇ ਹਨ। ਉਧਰ ਭਾਜਪਾ ਪੰਜਾਬ ਇਕਾਈ ਦੇ ਸੂਬਾ ਪ੍ਰੈਸ ਸਕੱਤਰ ਤੇ ਸਟੇਟ ਬੁਲਾਰੇ ਮੇਜਰ ਆਰਐੱਸ ਸ਼ੇਰਗਿੱਲ ਦਾ ਕਹਿਣਾ ਹੈ ਕਿ ਭਾਜਪਾ ਛੇਤੀ ਕੀਤਿਆਂ ਹੰਕਾਰ ਵਿੱਚ ਪਾਰਟੀ ਛੱਡ ਚੁੱਕੇ ਸਖ਼ਸ਼ ਨੂੰ ਵਾਪਸ ਨਹੀ ਅਪਣਾਉਂਦੀ ਪ੍ਰੰਤੂ ਨਵਜੋਤ ਸਿੱਧੂ ਬਾਰੇ ਭਾਜਪਾ ਹਾਈਕਮਾਂਡ ਹੀ ਕੁਝ ਦੱਸ ਸਕਦੀ ਹੈ ਕਿ ਸਿੱਧੂ ਦੀ ਵਾਪਸੀ ਦਾ ਮਾਮਲਾ ਐਂਵੇ ਰੌਲਾ ਹੈ ਜਾਂ ਹਕੀਕਤ ਵਿੱਚ ਕੁਝ ਵਾਪਰ ਰਿਹਾ ਹੈ। ਜ਼ਿਕਰਯੋਗ ਹੈ ਕਿ ਨਵਜੋਤ ਸਿੱਧੂ ਰਾਹੁਲ ਗਾਂਧੀ ਨਾਲ ਪੰਜਾਬ ਦੀ ਇੱਕ ਰੈਲੀ ਸਾਂਝੀ ਕਰਨ ਮਗਰੋਂ ਤੁਰੰਤ ਵਾਪਸ ਦਿੱਲੀ ਪਰਤੇ ਸਨ। ਅਹਿਮ ਗੱਲ ਨਵਜੋਤ ਸਿੱਧੂ ਨੇ ਰਾਹੁਲ ਤੋਂ ਆਪਣੇ ਪਿਤਰੀ ਸ਼ਹਿਰ ਤੇ ਜ਼ਿਲ੍ਹੇ ਪਟਿਆਲਾ ਤੋਂ ਵੀ ਦੂਰੀ ਬਣਾਈ ਰੱਖੀ।