ਘਨੌਰ: ਨੌਜਵਾਨ ਸਭਾ ਪਿੰਡ ਮਰਦਾਂਪੁਰ ਨੇ ਪਿੰਡ ਦੀ ਪੰਚਾਇਤ ਨੂੰ ਮੰਗ ਪੱਤਰ ਸੌਂਪ ਕੇ ਪਿੰਡ ਦੀ ਮਿੰਨੀ ਪੀਐੱਚਸੀ ਅਤੇ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਦਾ ਨਾਮ ਰਾਣੀ ਸਾਹਿਬ ਕੌਰ ਅਤੇ ਜੈਤੋਂ ਮੋਰਚੇ ਦੇ ਸ਼ਹੀਦ ਜਥੇਦਾਰ ਰਤਨ ਸਿੰਘ ਦੇ ਨਾਮ ’ਤੇ ਰੱਖਣ ਦੀ ਮੰਗ ਕੀਤੀ ਹੈ। ਨੌਜਵਾਨ ਸਭਾ ਦੇ ਆਗੂਆਂ ਗੁਰਦੀਪ ਸਿੰਘ ਟੋਨੀ, ਕਮਲਜੀਤ ਸਿੰਘ, ਗੁਰਪ੍ਰੀਤ ਸਿੰਘ, ਜਤਿੰਦਰ ਸਿੰਘ, ਕੰਵਲਜੀਤ ਸਿੰਘ ਅਤੇ ਹਰਮੇਸ਼ ਸਿੰਘ ਦੀ ਅਗਵਾਈ ਵਿੱਚ ਵਫਦ ਨੇ ਗ੍ਰਾਂਮ ਪੰਚਾਇਤ ਪਿੰਡ ਮਰਦਾਂਪੁਰ ਦੇ ਸਰਪੰਚ ਰਣਜੀਤ ਸਿੰਘ ਨੂੰ ਪੰਜਾਬ ਸਰਕਾਰ ਦੇ ਨਾਮ ਮੰਗ ਪੱਤਰ ਸੌਂਪਿਆ। ਉਨ੍ਹਾਂ ਕਿਹਾ ਕਿ ਪਿੰਡ ਨੇੜਲੇ ਮੈਦਾਨ ਵਿੱਚ ਰਾਣੀ ਸਾਹਿਬ ਕੌਰ ਨੇ ਮਰਦਾਨਾ ਲਿਵਾਸ ਵਿੱਚ ਮਰਹੱਠਿਆਂ ਖ਼ਿਲਾਫ਼ ਜੰਗ ਜਿੱਤੀ ਸੀ। ਇਸ ਲਈ ਪਿੰਡ ਦਾ ਨਾਮ ਮਰਦਾਂਪੁਰ ਪਿਆ। ਇਸੇ ਦੌਰਾਨ ਪਿੰਡ ਦੇ ਜੰਮਪਲ ਜੈਤੋਂ ਮੋਰਚੇ ਦੇ ਸ਼ਹੀਦ ਜਥੇਦਾਰ ਰਤਨ ਸਿੰਘ ਨੇ ਅੰਗਰੇਜ਼ਾਂ ਦੇ ਕਾਲੇ ਕਾਨੂੰਨਾਂ ਦਾ ਵਿਰੋਧ ਕਰਦਿਆਂ ਸ਼ਹੀਦੀ ਜਾਮ ਪੀਤਾ ਸੀ। -ਪੱਤਰ ਪ੍ਰੇਰਕ