ਇਕਬਾਲ ਸਿੰਘ ਸ਼ਾਂਤ
ਲੰਬੀ, 28 ਅਕਤੂਬਰ
ਪਿੰਡ ਘੁਮਿਆਰਾ ਵਿਖੇ ਅੱਜ ਅਦਾਲਤੀ ਨਿਰਦੇਸ਼ਾਂ ’ਤੇ ਕਿਸਾਨ ਜਗਨੰਦਨ ਸਿੰਘ ਦੀ ਚਾਰ ਏਕੜ ਜ਼ਮੀਨ ਉੱਪਰ ਕਬਜ਼ਾ ਲੈਣ ਲਈ ਪੁਲੀਸ-ਪ੍ਰਸ਼ਾਸਨ ਅਤੇ ਕਿਸਾਨਾਂ ਵਿਚਕਾਰ ਤਲਖੀ ਅਤੇ ਖਿੱਚ-ਧੂਹ ਹੋਈ। ਜਾਣਕਾਰੀ ਅਨੁਸਾਰ ਕਿਸਾਨ ਨੇ ਆੜ੍ਹਤੀ ਤੋਂ ਕਰਜ਼ਾ ਲਿਆ ਹੋਇਆ ਸੀ ਜੋ ਉਹ ਸਮੇਂ ਸਿਰ ਉਤਾਰ ਨਹੀਂ ਸਕਿਆ ਅਤੇ ਅਦਾਲਤਾਂ ’ਚ ਜਾਣ ਤੋਂ ਬਾਅਦ ਆੜ੍ਹਤੀ ਇਹ ਕੇਸ ਜਿੱਤ ਗਿਆ ਅਤੇ ਪੁਲੀਸ ਆੜ੍ਹਤੀ ਦੇ ਹੱਕ ’ਚ ਜ਼ਮੀਨ ਦਾ ਕਬਜ਼ਾ ਦਿਵਾਉਣ ਲਈ ਪਿੰਡ ਘੁਮਿਆਰਾ ਪਹੁੰਚੀ ਸੀ। ਇਸ ਮੌਕੇ ਹੋਈ ਖਿੱਚ-ਧੂਹ ਵਿੱਚ ਕਿਸਾਨ ਪਰਿਵਾਰ ਦੀ ਨਾਬਾਲਗ ਲੜਕੀ, ਬਲਾਕ ਆਗੂ ਗੁਰਪਾਸ਼ ਸਿੰਘੇਵਾਲਾ ਸਮੇਤ ਅੱਧੀ ਦਰਜਨ ਕਿਸਾਨਾਂ ਦੇ ਹਲਕੀਆਂ ਸੱਟਾਂ ਵੱਜੀਆਂ। ਹਾਲਾਂਕਿ ਭਾਕਿਯੂ (ਏਕਤਾ) ਉਗਰਾਹਾਂ ਦੇ ਬਲਾਕ ਪ੍ਰਧਾਨ ਗੁਰਪਾਸ਼ ਸਿੰਘ ਨੇ ਪੁਲੀਸ-ਪ੍ਰਸ਼ਾਸਨ ’ਤੇ ਭਾਰੀ ਬਲ ਦੇ ਨਾਲ ਦਫ਼ਤਰੀ ਸਮੇਂ ਤੋਂ ਪਹਿਲਾਂ ਕਬਜ਼ਾ ਕਾਰਵਾਈ ਦੀ ਕੋਸ਼ਿਸ਼ ਕਰਦਿਆਂ ਗੈਰਕਾਨੂੰਨੀ ਤੌਰ ’ਤੇ ਕਿਸਾਨਾਂ ’ਤੇ ਲਾਠੀਚਾਰਜ ਕਰਨ ਦੇ ਦੋਸ਼ ਲਗਾਏ ਹਨ। ਕਬਜ਼ਾ ਕਾਰਵਾਈ ਲਈ ਮਲੋਟ ਦੇ ਐਸਡੀਐਮ ਕੰਵਰਜੀਤ ਸਿੰਘ ਮਾਨ ਦੀ ਅਗਵਾਈ ਹੇਠ ਵੱਡੀ ਗਿਣਤੀ ਪੁਲੀਸ ਮੌਕੇ ’ਤੇ ਪੁੱਜੀ। ਸਬੰਧਤ ਖੇਤ ’ਚ ਮੌਜੂਦ ਕਿਸਾਨ ਜਗਨੰਦਨ ਸਿੰਘ ਦੇ ਪਰਿਵਾਰਕ ਮੈਂਬਰਾਂ ਅਤੇ ਭਾਕਿਯੂ (ਏਕਤਾ) ਉਗਰਾਹਾਂ ਦੇ ਕਾਫ਼ੀ ਗਿਣਤੀ ਕਿਸਾਨ ਕਾਰਕੁਨਾਂ ਨੇ ਕਬਜ਼ਾ ਕਾਰਵਾਈ ਦਾ ਵਿਰੋਧ ਕੀਤਾ। ਘਟਨਾਕ੍ਰਮ ਉਪਰੰਤ ਬਲਾਕ ਪ੍ਰਧਾਨ ਗੁਰਪਾਸ਼ ਸਿੰਘੇਵਾਲਾ ਨੇ ਕਿਹਾ ਕਿ ਪੁਲੀਸ-ਪ੍ਰਸ਼ਾਸਨ ਨੇ ਜਬਰੀ ਸਵੇਰੇ ਸਾਢੇ ਅੱਠ ਵਜੇ ਬਿਨਾਂ ਸਰਕਾਰੀ ਦਫ਼ਤਰੀ ਸਮੇਂ ਦੇ ਦਖ਼ਲ ਲੈਣ ਦੀ ਕੋਸ਼ਿਸ਼ ਕੀਤੀ, ਜੋ ਕਿ ਪੂਰੀ ਤਰਾਂ ਗੈਰਕਾਨੂੰਨੀ ਹੈ। ਸਿੰਘੇਵਾਲਾ ਨੇ ਦੋਸ਼ ਲਗਾਇਆ ਕਿ ਕਿਸਾਨਾਂ ਨੇ ਵਿਰੋਧ ਕਰਦਿਆਂ ਕਬਜ਼ਾ ਕਾਰਵਾਈ ਨੂੰ ਸਫ਼ਲ ਨਹੀਂ ਹੋਣ ਦਿੱਤਾ ਤਾਂ ਪੁਲੀਸ ਨੇ ਲਾਠੀਚਾਰਜ ਕਰ ਦਿੱਤਾ। ਗੁਰਪਾਸ਼ ਸਿੰਘੇਵਾਲਾ ਨੇ ਕਿਹਾ ਕਿ ਪੁਲੀਸ ਵੱਲੋਂ ਲਾਠੀਚਾਰਜ ’ਚ ਉਸ ਦੇ (ਗੁਰਪਾਸ਼ ਸਿੰਘ) ਦੇ ਇਲਾਵਾ ਕਿਸਾਨ ਜਗਨੰਦਨ ਸਿੰਘ ਦੀ ਨਾਬਾਲਗ ਪੋਤਰੀ ਨਵਜੋਤ ਕੌਰ, ਪੋਤਰਾ ਦੀਪਕ, ਸੁਖਮੰਦਰ ਸਿੰਘ, ਲਖਵਿੰਦਰ ਸਿੰਘ, ਹਰਮੇਲ ਸਿੰਘ ਘੁਮਿਆਰਾ ਦੇ ਸੱਟਾਂ ਵੱਜੀਆਂ ਹਨ। ਘਟਨਾਕ੍ਰਮ ਉਪਰੰਤ ਕਿਸਾਨਾਂ ਨੇ ਖੇਤ ਵਿੱਚ ਟੈਂਟ ਲਗਾ ਕੇ ਧਰਨਾ ਸ਼ੁਰੂ ਕਰ ਦਿੱਤਾ। ਗੁਰਪਾਸ਼ ਸਿੰਘ ਨੇ ਦੋਸ਼ ਲਗਾਇਆ ਕਿ ਕਰੀਬ ਸਾਲ 2002 ਵਿੱਚ ਕਿਸਾਨ ਜਗਨੰਦਨ ਸਿੰਘ ਤੋਂ ਥਾਣੇ ’ਚ ਬਿਠਾ ਕੇ ਕਰੀਬ ਤਿੰਨ ਲੱਖ ਰੁਪਏ ਦੇ ਲੈਣ-ਦੇਣ ਵਿੱਚ ਚਾਰ ਏਕੜ ਜ਼ਮੀਨ ਜਬਰੀ ਨਾਂ ਲਗਵਾ ਲਈ ਗਈ ਸੀ। ਉਨ੍ਹਾਂ ਕਿਹਾ ਕਿ ਜਥੇਬੰਦੀ ਕਿਸਾਨ ਜਗਨੰਦਨ ਸਿੰਘ ਦੇ ਨਾਲ ਤਨਦੇਹੀ ਨਾਲ ਖੜ੍ਹੀ ਹੈ ਅਤੇ ਕਿਸੇ ਨੂੰ ਜ਼ਮੀਨ ਵਿੱਚ ਪੈਰ ਨਹੀਂ ਪਾਉਣ ਦਿੱਤਾ ਜਾਵੇਗਾ। ਦੂਜੇ ਪਾਸੇ ਮਲੋਟ ਦੇ ਐਸ.ਡੀ.ਐਮ. ਕੰਵਰਜੀਤ ਸਿੰਘ ਮਾਨ ਨੇ ਲਾਠੀਚਾਰਜ ਦੇ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਅਦਾਲਤ ਦੇ ਨਿਰਦੇਸ਼ਾਂ ’ਤੇ ਘੁਮਿਆਰਾ ਵਿੱਚ ਸ਼ਾਂਤਮਈ ਮਾਹੌਲ ਵਿੱਚ ਜ਼ਮੀਨ ਦਾ ਕਬਜ਼ਾ ਕਾਰਵਾਈ ਕੀਤੀ ਗਈ ਹੈ।