ਵਿਦਿਅਕ ਮਿਆਰ ਦਾ ਮਸਲਾ
ਪੰਜਾਬ ਦੇ ਸਰਕਾਰੀ ਸਕੂਲਾਂ ਬਾਰੇ 10 ਮਈ ਦਾ ਸੰਪਾਦਕੀ ‘ਵਿੱਦਿਅਕ ਮਿਆਰ’ ਅੱਖਾਂ ਖੋਲ੍ਹਣ ਵਾਲਾ ਹੈ। ਪਿਛਲੀਆਂ ਸਰਕਾਰਾਂ ਸਿੱਖਿਆ ਦੇ ਮਿਆਰ ਅਤੇ ਸੁਧਾਰਾਂ ਬਾਰੇ ਵੱਡੇ ਵੱਡੇ ਦਾਅਵੇ ਕਰਦੀਆਂ ਰਹੀਆਂ ਹਨ। ਝੂਠੇ ਅੰਕੜਿਆਂ ਅਤੇ ਗ਼ਲਤ ਢੰਗਾਂ ਨਾਲ ਬੋਰਡ ਪ੍ਰੀਖਿਆਵਾਂ ਲੈ ਕੇ ਦਾਅਵੇ ਕੀਤੇ ਗਏ ਕਿ ਕਰੋਨਾ ਕਾਲ ਵਿਚ ਵੀ ਪੰਜਾਬ ਦੇ ਸਕੂਲਾਂ ਦੇ ਨਤੀਜੇ ਸੌ ਫ਼ੀਸਦੀ ਰਹੇ ਪਰ ਮੈਰੀਟੋਰੀਅਸ ਸਕੂਲਾਂ ਵਿਚ ਦਾਖ਼ਲੇ ਨਾ ਹੋਣਾ ਤੇ ਵੱਖ ਵੱਖ ਮੁਕਾਬਲਾ ਪ੍ਰੀਖਿਆਵਾਂ ਵਿਚ ਪੰਜਾਬ ਦੇ ਵਿਦਿਆਰਥੀਆਂ ਦਾ ਪਛੜਨਾ ਸਾਬਤ ਕਰਦਾ ਹੈ ਕਿ ਸਕੂਲਾਂ ਅੰਦਰਲੀਆਂ ਜ਼ਮੀਨੀ ਹਕੀਕਤਾਂ ਕੁਝ ਹੋਰ ਹਨ। ਅਧਿਆਪਕਾਂ ਦੀਆਂ ਹਜ਼ਾਰਾਂ ਅਸਾਮੀਆਂ ਦਾ ਖਾਲੀ ਹੋਣਾ ਤੇ ਹਜ਼ਾਰਾਂ ਅਸਾਮੀਆਂ ਦੀ ਸਮਾਪਤੀ ਨੇ ਸਿੱਖਿਆ ਦੇ ਮੁੱਖ ਧੁਰੇ, ਅਧਿਆਪਕ ਨੂੰ ਹਾਸ਼ੀਏ ’ਤੇ ਧੱਕ ਦਿੱਤਾ ਗਿਆ। ਅਧਿਆਪਕਾਂ ਨੂੰ ਬੇਲੋੜੇ ਗ਼ੈਰ-ਵਿਗਿਆਨਕ ਵਿੱਦਿਅਕ ਪ੍ਰਾਜੈਕਟਾਂ ’ਤੇ ਗ਼ੈਰ-ਵਿੱਦਿਅਕ ਕੰਮਾਂ ਵਿਚ ਉਲਝਾਈ ਰੱਖਿਆ। ਜਿੱਥੋਂ ਤਕ ਇਕਸਾਰ ਸਿੱਖਿਆ ਦਾ ਮਾਮਲਾ ਹੈ, ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਹਰ ਮੰਗ ਪੱਤਰ ਵਿਚ ਇਹ ਨੁਕਤਾ ਉਠਾਇਆ ਜਾਂਦਾ ਹੈ ਕਿ ਅਲਾਹਾਬਾਦ ਹਾਈਕੋਰਟ ਦਾ ਫ਼ੈਸਲਾ ਤੁਰੰਤ ਪ੍ਰਭਾਵ ਨਾਲ ਅਮਲ ਵਿਚ ਲਿਆਂਦਾ ਜਾਵੇ। ਸਰਕਾਰੀ ਖ਼ਜ਼ਾਨੇ ਵਿਚੋਂ ਤਨਖ਼ਾਹ ਲੈਣ ਵਾਲੇ ਦਰਜਾ ਚਾਰ ਮੁਲਾਜ਼ਮ ਤੋਂ ਲੈ ਕੇ ਗਜ਼ਟਿਡ ਅਧਿਕਾਰੀਆਂ, ਮੰਤਰੀਆਂ, ਐੱਮਐੱਲਏ ਆਦਿ ਸਭ ਦੇ ਬੱਚੇ ਸਰਕਾਰੀ ਸਕੂਲਾਂ ਵਿਚ ਪੜ੍ਹਨ ਅਤੇ ਸੰਵਿਧਾਨ ਵਿਚ ਦਰਜ ਸਮਾਨਤਾ ਦੇ ਅਧਿਕਾਰ ਅਨੁਸਾਰ ਸਭ ਨੂੰ ਬਰਾਬਰ ਸਿੱਖਿਆ ਮਿਲਣੀ ਚਾਹੀਦੀ ਹੈ।
ਫਕੀਰ ਸਿੰਘ ਟਿੱਬਾ, ਗੌਰਮਿੰਟ ਟੀਚਰਜ਼ ਯੂਨੀਅਨ, ਪੰਜਾਬ
ਇਖ਼ਲਾਕੀ ਸਵਾਲ
12 ਮਈ ਦੇ ਸੰਪਾਦਕੀ ‘ਅਦਾਲਤ ਦੀ ਅਹਿਮ ਟਿੱਪਣੀ’ ਵਿਚ ਲਖੀਮਪੁਰ ਖੀਰੀ ਘਟਨਾ ਬਾਰੇ ਸਹੀ ਲਿਖਿਆ ਹੈ ਕਿ ਸਾਬਕਾ ਜੱਜ ਜਸਟਿਸ ਜੈਨ ਦੀ ਅਗਵਾਈ ਵਾਲੀ ‘ਸਿੱਟ’ ਅਤੇ ਲਖਨਊ ਬੈਂਚ ਦੇ ਜਸਟਿਸ ਡੀਕੇ ਸਿੰਘ ਦੀ ਅਗਵਾਈ ਵਾਲੇ ਬੈਂਚ ਦੀਆਂ ਟਿੱਪਣੀਆਂ ਤੋਂ ਬਾਅਦ ਕੇਂਦਰੀ ਮੰਤਰੀ ਮੰਡਲ ਵਿਚ ਅਜੇ ਮਿਸ਼ਰਾ ਦੇ ਬਣੇ ਰਹਿਣ ਬਾਰੇ ਇਖ਼ਲਾਕੀ ਸਵਾਲ ਖੜ੍ਹਾ ਹੋ ਗਿਆ ਹੈ। ਅਦਾਲਤ ਦੀਆਂ ਟਿੱਪਣੀਆਂ ਨਾਲ ਮੰਤਰੀ ਪੁੱਤਰ ਨੂੰ ਸਜ਼ਾ ਦਾ ਮੁੱਢ ਬੱਝ ਗਿਆ ਜਾਪਦਾ ਹੈ। ਹੁਣ ਇਹ ਦੇਖਣਾ ਬਾਕੀ ਹੈ ਕਿ ਅਦਾਲਤ ਜਿੱਤੇਗੀ ਜਾਂ ਸਿਆਸਤ?
ਰਵਿੰਦਰ ਫਫੜੇ, ਈਮੇਲ
ਗਿਰਝਾਂ ਵਾਲਾ ਸਮਾਜ
12 ਮਈ ਨੂੰ ਕਮਲਜੀਤ ਸਿੰਘ ਬਨਵੈਤ ਦਾ ਮਿਡਲ ‘ਅੱਧੇ ਪਾਗਲ’ ਝੰਜੋੜ ਗਿਆ। ਆਪਣਾ ਇਹ ਕਿਹੋ ਜਿਹਾ ਸਮਾਜ ਹੈ ਜਿਹੜਾ ਇਕੱਲੀ ਔਰਤ ਉੱਤੇ ਗਿਰਝਾਂ ਵਾਂਗ ਝਪਟਣ ਲਈ ਤਿਆਰ ਰਹਿੰਦਾ ਹੈ? ਲੇਖਕ ਨੇ ਭਾਵੇਂ ਅਖ਼ੀਰ ਵਿਚ ਇਨ੍ਹਾਂ ਜ਼ਿਆਦਤੀਆਂ ਖ਼ਿਲਾਫ਼ ਖੜ੍ਹਨ ਦਾ ਹੋਕਾ ਦਿੱਤਾ ਹੈ ਪਰ ਹਕੀਕਤ ਇਹ ਹੈ ਕਿ ਹਰ ਥਾਂ ਔਰਤ ਅਜੇ ਵੀ ਅਸੁਰੱਖਿਅਤ ਹੈ।
ਬਲਵੰਤ ਕੌਰ, ਪਠਾਨਕੋਟ
(2)
12 ਮਈ ਦੇ ਨਜ਼ਰੀਆ ਪੰਨੇ ’ਤੇ ਕਮਲਜੀਤ ਸਿੰਘ ਬਨਵੈਤ ਦੀ ਲਿਖਤ ‘ਅੱਧੇ ਪਾਗਲ’ ਪੜ੍ਹਿਆ। ਨਿਰਾਸ਼ਾ ਹੋਈ। ਇਸ ਤਰ੍ਹਾਂ ਦੀਆਂ ਗੱਲਾਂ ਕੀ ਸੁਨੇਹਾ ਦਿੰਦੀਆਂ ਹਨ? ਕੀ ਪਿੰਡ ਦੀ ਪੰਚਾਇਤ ਨੇ ਅਣਜਾਣ ਔਰਤ ਬਾਰੇ ਜਾਣਨ ਜਾਂ ਮਦਦ ਬਾਰੇ ਕੁਝ ਨਹੀਂ ਸੋਚਿਆ ਹੋਵੇਗਾ? ਔਰਤ ਨੂੰ ਸਵੈ-ਰੱਖਿਆ ਲਈ ਅੱਧ ਪਾਗਲ ਨਹੀਂ ਸਗੋਂ ਦੁੱਗਣਾ ਸੁਚੇਤ ਰਹਿਣਾ ਪੈਂਦਾ ਹੈ।
ਮਨਦੀਪ ਕੌਰ, ਲੁਧਿਆਣਾ
ਮੁਕਲਾਵੇ ਵਾਲੀ ਮੁਹਿੰਮ
11 ਮਈ ਦੇ ਨਜ਼ਰੀਆ ਪੰਨੇ ’ਤੇ ਡਾ. ਮਨਜੀਤ ਸਿੰਘ ਬੱਲ ਦਾ ਮਿਡਲ ‘ਮੁਕਲਾਵਾ’ ਚਾਲੀ-ਪੰਜਾਹ ਸਾਲ ਪਿਛਾਂਹ ਖਿੱਚ ਕੇ ਲੈ ਗਿਆ। ਅੱਜ ਜਿੱਥੇ ਮੁੰਡੇ ਕੁੜੀਆਂ ਵਿਆਹ ਤੋਂ ਪਹਿਲਾਂ ਕਿੰਨੇ ਕਿੰਨੇ ਮਹੀਨੇ/ਸਾਲ ਇਕੱਠਿਆਂ ਘੁੰਮਦੇ ਫਿਰਦੇ ਹਨ, ਉਨ੍ਹਾਂ ਦਿਨਾਂ ਵਿਚ ਇਕ ਦੂਜੇ ਦੀ ਸ਼ਕਲ ਵੀ ਵਿਆਹ ਤੋਂ ਬਾਅਦ ਹੀ ਦੇਖਦੇ ਸਨ। ਮੁਕਲਾਵਾ ਤਾਂ ਬਹੁਤ ਵੱਡੀ ਮੁਹਿੰਮ ਸਮਝੀ ਜਾਂਦੀ ਸੀ। ਕਈ ਵਾਰ ਮੁੰਡਿਆਂ ਨੂੰ ਆਪਣੀਆਂ ਵਹੁਟੀਆਂ ਨੂੰ ਆਪਣੇ ਘਰ ਲਿਆਉਣ ਲਈ ਕਈ ਕਈ ਸਾਲ ਲੱਗ ਜਾਂਦੇ ਸਨ।
ਪ੍ਰਿੰਸੀਪਲ ਫਕੀਰ ਸਿੰਘ, ਦਸੂਹਾ
ਧਰਮ ਦੇ ਨਾਂ ’ਤੇ
7 ਮਈ ਨੂੰ ਨਜ਼ਰੀਆ ਪੰਨੇ ਉੱਤੇ ਅਵਿਜੀਤ ਪਾਠਕ ਦਾ ਲੇਖ ‘ਧਰਮ ਦੇ ਨਾਂ ’ਤੇ ਨਫ਼ਰਤ ਦਾ ਵਪਾਰ’ ਪੜ੍ਹਿਆ। ਕਿਸੇ ਵੀ ਤਰ੍ਹਾਂ ਦਾ ਜਨੂਨ ਤੇ ਕੱਟੜਤਾ ਕਿਸੇ ਵੀ ਸਮਾਜ ਲਈ ਘਾਤਕ ਹੁੰਦੇ ਹਨ। ਮੁਲਕ ਆਜ਼ਾਦ ਹੋਣ ਵੇਲੇ ਸਾਡੇ ਆਗੂਆਂ ਨੇ ਧਰਮ ਨਿਰਪੱਖ ਅਤੇ ਬਾਅਦ ਵਿਚ ਗੁੱਟ ਨਿਰਲੇਪ ਰਹਿਣ ਨੂੰ ਤਰਜੀਹ ਦਿੱਤੀ। ਸਾਡੇ ਲਈ ਸ਼ਾਇਦ ਇਸ ਤੋਂ ਬਿਹਤਰ ਰਸਤਾ ਨਹੀਂ। ਅੱਜ ਦੇ ਹਾਲਾਤ, ਹੋ ਰਹੇ ਕਾਰੇ ਅਤੇ ਸੰਸਾਰ ਵਿਵਸਥਾ ਸਾਨੂੰ ਸੋਚਣ ਲਈ ਮਜਬੂਰ ਕਰ ਰਹੇ ਹਨ ਕਿ ਬਿਹਤਰ ਰਸਤਾ ਕੀ ਹੈ। ਇਸ ਲਈ ਸਾਨੂੰ ਗੰਭੀਰਤਾ ਨਾਲ ਵਿਚਾਰਨਾ ਪਵੇ, ਨਹੀਂ ਤਾਂ ਬਹੁਤ ਦੇਰ ਹੋ ਜਾਵੇਗੀ।
ਸੁਰਿੰਦਰ ਕ. ਬਿਰਹਾ, ਫਗਵਾੜਾ
ਹੌਲਨਾਕ
6 ਮਈ ਦਾ ਸੰਪਾਦਕੀ ‘ਘਿਨੌਣਾ ਅਪਰਾਧ’ ਧੁਰ ਅੰਦਰ ਤਕ ਹਿਲਾ ਦਿੰਦਾ ਹੈ। ਬਲਾਤਕਾਰ ਸਾਡੇ ਮੁਲਕ ਅੰਦਰ ਆਮ ਵਰਤਾਰਾ ਬਣ ਗਿਆ ਹੈ ਪਰ ਜਦੋਂ ਥਾਣੇ ਵਿਚ ਵੀ ਅਜਿਹੀ ਘਟਨਾ ਵਾਪਰਦੀ ਹੈ ਤਾਂ ਇਹ ਹੋਰ ਵੀ ਹੌਲਨਾਕ ਹੈ। ਦਲਿਤ ਔਰਤਾਂ ਨਾਲ ਜੋ ਵਿਹਾਰ ਹੁੰਦਾ ਹੈ, ਉਹ ਮਨੁੱਖਤਾ ਦੇ ਮੱਥੇ ਉੱਤੇ ਕਲੰਕ ਹੈ। ਲੋਕਾਂ ਨੂੰ ਅਜਿਹੀਆਂ ਜ਼ਿਆਦਤੀਆਂ ਖ਼ਿਲਾਫ਼ ਲਾਮਬੰਦ ਹੋਣਾ ਪੈਣਾ ਹੈ।
ਸਾਗਰ ਸਿੰਘ ਸਾਗਰ, ਬਰਨਾਲਾ
ਪਰਵਾਸੀ ਮਹਿਕ
ਬੁੱਧਵਾਰ ਦੇ ਪਰਵਾਸੀ ਪੈੜਾਂ ਅੰਕ ਵਿਚ ਵੱਖ ਵੱਖ ਦੇਸ਼ਾਂ ਦੇ ਪਰਵਾਸੀ ਪੰਜਾਬੀਆਂ ਦਾ ਗੁਲਦਸਤਾ ਆਪਣੀ ਮਹਿਕ ਨਾਲ ਸਰਸ਼ਾਰ ਕਰਦਾ ਹੈ ਪਰ ਕਈ ਵਾਰ ਤੁਸੀਂ ਜ਼ਿਆਦਤੀ ਵੀ ਕਰ ਜਾਂਦੇ ਹੋ, ਜਿਵੇਂ 4 ਮਈ ਦੇ ਅੰਕ ਵਿਚ ਸ੍ਰੀ ਅਸ਼ੋਕ ਸਕਸੈਨਾ ਦੀ ਹਿੰਦੀ ਕਹਾਣੀ ‘ਲਾਸ਼’ ਦਾ ਪ੍ਰਕਾਸ਼ਨ ਕੀਤਾ ਜਿਸ ਦਾ ਪਰਵਾਸੀ ਸਮੱਸਿਆਵਾਂ ਨਾਲ ਕੋਈ ਤਾਅਲੁਕ ਨਹੀਂ।
ਐਚ ਜੀਤ ਸਿੰਘ, ਹਰੀ ਨੌ