ਗਗਨਦੀਪ ਅਰੋੜਾ
ਲੁਧਿਆਣਾ, 28 ਅਕਤੂਬਰ
ਸਨਅਤੀ ਸ਼ਹਿਰ ਦੇ ਸ਼ਿਮਲਾਪੁਰੀ ਦੇ ਨਿਊ ਜਨਤਾ ਨਗਰ ਇਲਾਕੇ ’ਚ ਸ਼ੁੱਕਰਵਾਰ ਦੀ ਸਵੇਰੇ ਇੱਕ ਨੌਜਵਾਨ ਰੇਲ ਰਾਹੀਂ ਬਿਹਾਰ ਤੋਂ ਲੁਧਿਆਣਾ ਪੁੱਜਿਆ ਤੇ ਪੇਕੇ ਰਹਿ ਰਹੀ ਆਪਣੀ ਪਤਨੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਮੁਲਜ਼ਮ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਅਗਲੀ ਰੇਲ ਗੱਡੀ ਤੋਂ ਫਿਰ ਬਿਹਾਰ ਰਵਾਨਾ ਹੋ ਗਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲੀਸ ਦੇ ਉਚ ਅਧਿਕਾਰੀ ਤੇ ਥਾਣਾ ਸ਼ਿਮਲਾਪੁਰੀ ਦੀ ਪੁਲੀਸ ਮੌਕੇ ’ਤੇ ਪੁੱਜੀ। ਪੁਲੀਸ ਨੇ ਜਾਂਚ ਤੋਂ ਬਾਅਦ ਮ੍ਰਿਤਕ ਲਕਸ਼ਮੀ ਦੇਵੀ (19) ਦੀ ਲਾਸ਼ ਜਾਂਚ ਤੋਂ ਬਾਅਦ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ।
ਜਾਂਚ ਦੌਰਾਨ ਪਤਾ ਲੱਗਿਆ ਕਿ ਲਕਸ਼ਮੀ ਦਾ ਆਪਣੇ ਸਹੁਰੇ ਵਾਲਿਆਂ ਨਾਲ ਘਰੇਲੂ ਗੱਲਾਂ ਨੂੰ ਲੈ ਕੇ ਵਿਵਾਦ ਸੀ ਤੇ ਉਸੇ ਕਾਰਨ ਉਹ ਸਹੁਰਾ ਘਰ ਛੱਡ ਕੇ ਕੁਝ ਸਮੇਂ ਤੋਂ ਸ਼ਹਿਰ ’ਚ ਆਪਣੇ ਪੇਕੇ ਘਰ ਰਹਿ ਰਹੀ ਸੀ। ਪੁਲੀਸ ਨੇ ਇਸ ਮਾਮਲੇ ’ਚ ਨਿਤਿਆਈ ਕੁਮਾਰ ਦੇ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਲਕਸ਼ਮੀ ਦੇਵੀ ਦਾ ਪਰਿਵਾਰ ਮੂਲ ਰੂਪ ਵਿੱਚ ਬਿਹਾਰ ਦਾ ਰਹਿਣ ਵਾਲਾ ਹੈ, ਪਰ ਕਾਫ਼ੀ ਸਾਲਾਂ ਤੋਂ ਉਹ ਲੁਧਿਆਣਾ ’ਚ ਹੀ ਰਹਿ ਰਹੇ ਹਨ। ਉਸ ਦੀ ਸਕੂਲੀ ਪੜ੍ਹਾਈ ਇੱਥੇ ਹੀ ਹੋਈ ਹੈ। ਮੁਲਜ਼ਮ ਨਿਤਿਆਈ ਵੀ ਕੁਝ ਹੀ ਕਿਲੋਮੀਟਰ ਦੀ ਦੂਰੀ ’ਤੇ ਰਹਿੰਦਾ ਹੈ। ਕਰੀਬ 6 ਮਹੀਨੇ ਪਹਿਲਾਂ ਲਕਸ਼ਮੀ ਤੇ ਨਿਤਿਆਈ ਦਾ ਵਿਆਹ ਹੋਇਆ ਸੀ। ਕੁਝ ਸਮਾਂ ਬੀਤਣ ਤੋਂ ਬਾਅਦ ਦੋਹਾਂ ’ਚ ਅਣਬਣ ਰਹਿਣ ਲੱਗੀ ਤੇ ਲਕਸ਼ਮੀ ਸਹੁਰੇ ਵਾਲਿਆਂ ਨੂੰ ਛੱਡ ਕੇ ਪੇਕੇ ਨਿਊ ਜਨਤਾ ਨਗਰ ਆ ਕੇ ਰਹਿਣ ਲੱਗੀ। ਦੋਹਾਂ ਦੇ ਵਿੱਚ ਗੱਲਾਂ ਚੱਲੀਆਂ ਕਿ ਸਮਝੌਤਾ ਹੋ ਜਾਵੇ, ਪਰ ਗੱਲ ਨਹੀਂ ਬਣੀ। ਸ਼ੁੱਕਰਵਾਰ ਦੀ ਸਵੇਰੇ ਮੁਲਜ਼ਮ ਰੇਲ ਗੱਡੀ ਰਾਹੀਂ ਬਿਹਾਰ ਤੋਂ ਲੁਧਿਆਣਾ ਆਇਆ। ਉਹ ਰੇਲਵੇ ਸਟੇਸ਼ਨ ਤੋਂ ਸਿੱਧਾ ਆਪਣੇ ਸਹੁਰੇ ਘਰ ਪੁੱਜਿਆ। ਉੱਥੇ ਮੁਲਜ਼ਮ ਨੇ ਬਿਨਾਂ ਕਿਸੇ ਨਾਲ ਕੋਈ ਗੱਲ ਕੀਤੇ, ਆਉਂਦੇ ਹੀ ਲਕਸ਼ਮੀ ’ਤੇ ਚਾਕੂ ਨਾਲ ਵਾਰ ਕਰਨੇ ਸ਼ੁਰੂ ਕਰ ਦਿੱਤੇ। ਲਕਸ਼ਮੀ ਨੇ ਕਾਫ਼ੀ ਰੋਲਾ ਪਾਇਆ। ਪਰ ਜਦੋਂ ਤੱਕ ਪਰਿਵਾਰ ਵਾਲੇ ਪੁੱਜਦੇ, ਮੁਲਜ਼ਮ ਕਰੀਬ 6 ਤੋਂ 7 ਵਾਰ ਕਰ ਚੁੱਕਿਆ ਤੇ ਲਕਸ਼ਮੀ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਸੀ। ਇਸ ਦੌਰਾਨ ਪਰਿਵਾਰ ਦੇ ਰੌਲੇ ਦੀ ਆਵਾਜ਼ ਸੁਣ ਕੇ ਆਸਪਾਸ ਦੇ ਲੋਕ ਵੀ ਇਕੱਠੇ ਹੋ ਗਏ। ਲੋਕਾਂ ਦੇ ਇਕੱਠੇ ਹੋਣ ਤੋਂ ਪਹਿਲਾਂ ਹੀ ਮੁਲਜ਼ਮ ਉੱਥੋਂ ਫ਼ਰਾਰ ਹੋ ਗਿਆ। ਪਰਿਵਾਰ ਵਾਲੇ ਲਕਸ਼ਮੀ ਨੂੰ ਲੈ ਕੇ ਸਿਵਲ ਹਸਪਤਾਲ ਪੁੱਜੇ। ਜਿੱਥੇ ਡਾਕਟਰਾਂ ਨੇ ਲਕਸ਼ਮੀ ਨੂੰ ਮ੍ਰਿਤਕ ਐਲਾਨ ਦਿੱਤਾ। ਸੂਚਨਾ ਮਿਲਣ ’ਤੇ ਇੰਨੇ ਵਿੱਚ ਪੁਲੀਸ ਦੇ ਉੱਚ ਅਧਿਕਾਰੀ ਤੇ ਥਾਣਾ ਸ਼ਿਮਲਾਪੁਰੀ ਦੀ ਪੁਲੀਸ ਪੁੱਜ ਗਈ।
ਇੰਸਪੈਕਟਰ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਹਾਲੇ ਤੱਕ ਦੀ ਜਾਂਚ ’ਚ ਇਹੀ ਪਤਾ ਲੱਗਿਆ ਕਿ ਲਕਸ਼ਮੀ ਦਾ ਸਹੁਰੇ ਵਾਲਿਆਂ ਨਾਲ ਝਗੜਾ ਹੋਇਆ ਸੀ। ਇਸ ਕਾਰਨ ਉਹ ਪੇਕੇ ਰਹਿ ਰਹੀ ਸੀ। ਮੁਲਜ਼ਮ ਵਾਰਦਾਤ ਕਰਨ ਦੇ ਇਰਾਦੇ ਨਾਲ ਹੀ ਲੁਧਿਆਣਾ ਆਇਆ ਸੀ। ਝਗੜੇ ਕਾਰਨ ਹੀ ਮੁਲਜ਼ਮ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਇਹ ਜਾਣਕਾਰੀ ਸ਼ਾਹਮਣੇ ਆਈ ਹੈ ਕਿ ਮੁਲਜ਼ਮ ਵਾਰਦਾਤ ਨੂੰ ਅੰਜਾਮ ਦੇਣ ਤੋਂ ਤੁਰੰਤ ਬਾਅਦ ਦੂਸਰੀ ਰੇਲ ਫੜ ਕੇ ਬਿਹਾਰ ਭੱਜ ਗਿਆ ਹੈ। ਪੁਲੀਸ ਨੇ ਜੀਆਰਪੀ ਪੁਲੀਸ ਤੇ ਆਰਪੀਐਫ਼ ਪੁਲੀਸ ਨੂੰ ਸੂਚਨਾ ਦੇ ਦਿੱਤੀ ਹੈ ਤਾਂ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਜਾ ਸਕੇ। ਪੁਲੀਸ ਨੇ ਮੁਲਜ਼ਮ ਨੂੰ ਕਾਬੂ ਕਰਨ ਲਈ ਕਾਰਵਾਈ ਆਰੰਭ ਦਿੱਤੀ ਹੈ।