ਨਵੀਂ ਦਿੱਲੀ: ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐੱਸਆਈ ਵੱਲੋਂ ਇਸਲਾਮਿਕ ਸਟੇਟ ਖੁਰਾਸਾਨ ਪ੍ਰੋਵਿੰਸ (ਆਈਐੱਸਕੇਪੀ) ਦੇ ਜਹਾਦੀਆਂ ਨੂੰ ਮਕਬੂਜ਼ਾ ਕਸ਼ਮੀਰ ’ਚ ਭੇਜਿਆ ਜਾ ਰਿਹਾ ਹੈ ਤਾਂ ਜੋ ਜੰਮੂ ਕਸ਼ਮੀਰ ’ਚ ਕੋਈ ਵੱਡਾ ਕਾਰਾ ਕੀਤਾ ਜਾ ਸਕੇ। ਖ਼ੁਫ਼ੀਆ ਰਿਪੋਰਟਾਂ ਮੁਤਾਬਕ ਜਹਾਦੀਆਂ ਨੂੰ ਅਫ਼ਗਾਨਿਸਤਾਨ ਦੀਆਂ ਜੇਲ੍ਹਾਂ ’ਚੋਂ ਰਿਹਾਅ ਕਰਕੇ ਪਾਕਿਸਤਾਨ ਪਹੁੰਚਾਇਆ ਗਿਆ ਹੈ ਅਤੇ ਹੁਣ ਆਈਐੱਸਆਈ ਨੇ ਉਨ੍ਹਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਵਾਦੀ ’ਚ ਦਹਿਸ਼ਤ ਫੈਲਾਉਣ। ਸੂਤਰਾਂ ਨੇ ਕਿਹਾ ਕਿ ਸੁਰੱਖਿਆ ਏਜੰਸੀਆਂ ਨੂੰ ਕਸ਼ਮੀਰ ’ਚ ਆਈਐੱਸਕੇਪੀ ਦੇ ਕਮਾਂਡਰ ਮੁਨਸਬਿ ਦੀ ਮੌਜੂਦਗੀ ਦਾ ਪਤਾ ਲੱਗਾ ਹੈ ਜਿਸ ਨੇ ਵੱਖ ਵੱਖ ਦਹਿਸ਼ਤੀ ਜਥੇਬੰਦੀਆਂ ਨਾਲ ਤਾਲਮੇਲ ਬਣਾਇਆ ਹੋਇਆ ਹੈ। ਉਹ ਪਿਛਲੇ ਕੁਝ ਮਹੀਨਿਆਂ ਤੋਂ ਸੋਸ਼ਲ ਮੀਡੀਆ ’ਤੇ ਵੀ ਸਰਗਰਮ ਹੈ। ਕੇਰਲਾ ਦੇ ਕਰੀਬ 25 ਨੌਜਵਾਨ ਅਫ਼ਗਾਨਿਸਾਨ ਜਾ ਕੇ ਆਈਐੱਸਕੇਪੀ ’ਚ ਸ਼ਾਮਲ ਹੋ ਗਏ ਹਨ ਅਤੇ ਹੁਣ ਰਿਪੋਰਟਾਂ ਮਿਲ ਰਹੀਆਂ ਹਨ ਕਿ ਆਈਐੱਸਆਈ ਵੱਲੋਂ ਇਨ੍ਹਾਂ ਨੌਜਵਾਨਾਂ ਦੀ ਵਰਤੋਂ ਭਾਰਤ ’ਚ ਹਮਲੇ ਕਰਨ ਲਈ ਕੀਤੀ ਜਾ ਸਕਦੀ ਹੈ। ਮਕਬੂਜ਼ਾ ਕਸ਼ਮੀਰ ’ਚ ਵੀ ਅਤਿਵਾਦੀਆਂ ਦੀ ਸਰਗਰਮੀ ਵਧ ਗਈ ਹੈ ਅਤੇ ਉਹ ਕਸ਼ਮੀਰ ’ਚ ਘੁਸਪੈਠ ਦੀ ਯੋਜਨਾ ਬਣਾ ਰਹੇ ਹਨ। ਸੀਆਰਪੀਐੱਫ ਦੇ ਡਾਇਰੈਕਟਰ ਜਨਰਲ ਕੁਲਦੀਪ ਸਿੰਘ ਅਤੇ ਜੰਮੂ ਕਸ਼ਮੀਰ ਪੁਲੀਸ ਦੇ ਮੁਖੀ ਦਿਲਬਾਗ ਸਿੰਘ ਨੇ ਕਿਹਾ ਹੈ ਕਿ ਸੁਰੱਖਿਆ ਬਲ ਚੌਕਸ ਹਨ ਅਤੇ ਉਹ ਕਿਸੇ ਵੀ ਹਾਲਾਤ ਨਾਲ ਨਜਿੱਠਣ ਲਈ ਤਿਆਰ ਹਨ। -ਆਈਏਐਨਐਸ