ਸਾਂਚਾ
ਰਣਧੀਰ
ਹੁੰਦਾ ਤਾਂ ਇਉਂ ਹੀ ਏ
ਇਕ ਸਾਂਚਾ ਹੁੰਦਾ
ਇਕ ਬੰਦਾ ਹੁੰਦਾ
ਇਕ ਪੰਛੀ ਹੁੰਦਾ
ਮੋਟਾ ਪਤਲਾ
ਤੁਰਦਾ ਉੱਡਦਾ
ਸਾਂਚਿਆਂ ਅੱਗੇ ਆ ਬਹਿੰਦਾ।
ਪਰ ਸਾਂਚੇ ਕਰੂਰ ਹੀ ਹੁੰਦੇ ਨੇ
ਉਡਾਣ, ਕੱਦ, ਆਕਾਰ ਨਹੀਂ ਦੇਖਦੇ
ਵਾਧਾ ਘਾਟਾ ਨਹੀਂ ਜਰਦੇ
ਆਪਣਾ ਮੇਚਾ ਨਹੀਂ ਬਦਲਦੇ
ਉਡਾਣ ਨੂੰ, ਪਰਾਂ ਨੂੰ
ਖ਼ਿਆਲਾਂ ਨੂੰ ਲੋੜਾਂ-ਥੋੜਾਂ ਨੂੰ
ਸਭ ਕਾਸੇ ਨੂੰ ਬਦਲ ਦਿੰਦੇ ਨੇ
ਬੰਦਾ ਐਵੇਂ ਤਾਂ ਨਹੀਂ
ਸਿੱਧਾ ਤੁਰਨ ਲੱਗਦਾ
ਸੱਚ-ਝੂਠ
ਪਾਪ-ਪੁੰਨ ਕਹਿਣ ਲੱਗਦਾ
ਹੁੰਦਾ ਤਾਂ ਇਉਂ ਹੀ ਏ
ਬਸ ਇਕ ਸਾਂਚਾ ਹੁੰਦਾ…
ਸੰਪਰਕ: 94787-50491
ਬੇਨਕਾਬ
ਬੇਅੰਤ ਕੌਰ ਗਿੱਲ
ਹਰ ਬੂਟੇ ਨੂੰ ਦੇ ਕੇ ਰੰਗ ਗੁਲਾਬੀ
ਹਰ ਫੁੱਲ ਨੂੰ ਤੂੰ ਗ਼ੁਲਾਬ ਨਾ ਕਰ
ਜਰਬਾਂ ਤਕਸੀਮਾਂ ਦੇ ਝਗੜੇ ਨਾ ਛੇੜ
ਡਾਹਢੇ ਖ਼ੁਦਾ ਨਾਲ ਹਿਸਾਬ ਨਾ ਕਰ
ਮਿਲੇਗੀ ਮੈਨੂੰ ਵੀ ਕਬਰ ਲਈ ਜ਼ਿਮੀਂ
ਬਿਨ ਖੰਭਾਂ ਦੇ ਮੈਨੂੰ ਸੁਰਖ਼ਾਬ ਨਾ ਕਰ
ਪਾ-ਪਾ ਕੇ ਮੇਰੀ ਮੁਹੱਬਤ ਦਾ ਵਾਸਤਾ
ਸੋਹਣੇ ਭੌਰ ਨੂੰ ਲਾਜਵਾਬ ਨਾ ਕਰ
ਦੇਖ ਹਕੀਕਤ ਹੈ ਅੱਖਾਂ ਦੇ ਸਾਹਮਣੇ
ਇਸਨੂੰ ਸੁਪਨੇ ਜਾਂ ਖ਼ੁਆਬ ਨਾ ਕਰ
ਪੀਤਾ ਹੈ ਉਸਦੇ ਚਰਨ ਧੋ ਕੇ ਅੰਮ੍ਰਿਤ
ਦੇ ਕੇ ਜਾਮ ਕੌੜਾ ਮੂੰਹ ਖ਼ਰਾਬ ਨਾ ਕਰ
ਪਹਿਨੀ ਹੈ ਕਿਸੇ ਨੇ ਮੰਗਵੀਂ ਉਹ ਮਾਲਾ
ਮਾਲਾ ਦੇਖ ਕੇ ਉਸਨੂੰ ਨਵਾਬ ਨਾ ਕਰ
ਮੇਰੇ ਵੀ ਹਿੱਸੇ ਆਏ ਨੇ ਖਾਰੇ ਹੰਝੂ
ਤੂੰ ਹੱਸਦੇ ਚਿਹਰੇ ਨੂੰ ਬੇਨਕਾਬ ਨਾ ਕਰ
ਸੰਪਰਕ: 94656-06210
ਦੋਹੇ
ਜਗਜੀਤ ਕੌਰ ਢਿੱਲਵਾਂ
ਲਿਖਿਓ ਕਲਮਾਂ ਵਾਲ਼ਿਓ!
ਦਰਦਾਂ ਵਿੰਨ੍ਹੇ ਗੀਤ।
ਹਾਵੇ ਹਾਉਕੇ ਲੈਂਦਿਆਂ,
ਜਿੰਦੜੀ ਜਾਂਦੀ ਬੀਤ।
ਦੇਣ ਅਸੀਸਾਂ ਮਰਦ ਨੂੰ,
ਔਰਤ ਹਿੱਸੇ ਗਾਲ਼।
ਮਨ ਮਸਤਕ ’ਚ ਖ਼ੌਲਦੇ,
ਰਹਿੰਦੇ ਰੋਜ਼ ਸਵਾਲ।
ਕਲੀ ਮੌਲਦੀ ਵੇਖ ਕੇ,
ਮਾਲੀ ਚਿੱਤ ਹੁਲਾਸ।
ਮਨ ਪਾਰੇ ਜਿਉਂ ਡੋਲਦਾ,
ਭੌਰੇ ਗੂੰਜਣ ਪਾਸ।
‘ਕੌੜੀ’ ‘ਮੁੱਕੋ’ ਕੰਨਿਆ,
‘ਲੱਡੂ’ ‘ਜਿਉਣਾ’ ਪੁੱਤ।
ਖੇੜਾ ਜਨਣੀ ਬਾਝ ਨਾ,
ਜੀਕਣ ਪੱਤਝੜ ਰੁੱਤ।
ਗਿੱਲੇ ਗੋਹੇ ਵਾਂਗ ਨਿੱਤ,
ਧੁਖ਼ਦੀ ਰਹਿੰਦੀ ਜਾਨ।
ਦਰਦ ਭਰੀ ਇਹ ਦਾਸਤਾਂ,
ਕਿਸ ਵਿਧ ਕਰਾਂ ਬਿਆਨ?
ਚੁੱਕੋ ਪੀੜਾਂ ਸਾਡੀਆਂ,
ਕਾਗ਼ਜ਼ ਕਲਮਾਂ ਨਾਲ਼,
ਟਾਹਣੀ ਹਾਂ ਉਸ ਰੁੱਖ ਦੀ,
ਲਿਖਦੀ ਜਿਸਦਾ ਹਾਲ।
ਵੰਡਦੀ ਪਿਆਰ ਮੁਹੱਬਤਾਂ,
ਆਪਾ ਦੇਵਾਂ ਵਾਰ।
ਮੋਹ ਮਮਤਾ ਦੀ ਮੂਰਤੀ,
ਨਾ ਸਮਝੋ ਬਦਕਾਰ।
ਲਾਟੂ ਵਾਂਗੂੰ ਘੁੰਮਦੀ,
ਕਰਦੀ ਫਿਰਾਂ ਧੰਦਾਲ਼।
ਮੜ੍ਹਦੇ ਫਿਰ ਵੀ ਦੋਸ਼ ਨੂੰ,
ਮੇਰੇ ਪੱਲੇ ਨਾਲ਼।
ਔਰਤ ਨੂੰ ਕੀ ਸਮਝ ਕੇ,
ਗਾਉਂਦੇ ਵੀਰੋ ਗੀਤ।
ਜਾਣੋ ਪੀੜਾਂ ਸਾਡੀਆਂ,
ਅਰਜ਼ ਕਰੇ ‘ਜਗਜੀਤ’।