ਮਹਿੰਦਰ ਸਿੰਘ ਰੱਤੀਆਂ
ਮੋਗਾ, 9 ਸਤੰਬਰ
ਰਾਖਵਾਂ ਹਲਕੇ ਨਿਹਾਲ ਸਿੰਘ ਵਾਲਾ ਵਿੱਚ ‘ਆਪ’ ਦੇ ਕਾਨੂੰਨੀ ਸੈੱਲ ਦੇ ਸੂਬਾਈ ਪ੍ਰਧਾਨ ਜਸਟਿਸ ਜ਼ੋਰਾ ਸਿੰਘ ਵੱਲੋਂ ਵਿੱਢੀਆਂ ਸਿਆਸੀ ਫੇਰੀਆਂ ਨੇ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੂੰ ਫ਼ਿਕਰਾਂ ’ਚ ਪਾ ਦਿੱਤਾ ਹੈ। ਸੇਵਾਮੁਕਤ ਜਸਟਿਸ ਜ਼ੋਰਾ ਸਿੰਘ ਨੇ ਕਿਹਾ ਕਿ ਉਹ ਪਾਰਟੀ ਲਈ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ’ਚ ‘ਆਪ’ ਸਰਕਾਰ ਬਣਨ ’ਤੇ ਅਰਾਜਕਤਾ-ਭ੍ਰਿਸ਼ਟਾਚਾਰ ਦਾ ਹੋਵੇਗਾ ਖ਼ਾਤਮਾ ਤੈਅ ਹੈ। ਉਨ੍ਹਾਂ ਕਿਹਾ ਕਿ ਰਵਾਇਤੀ ਪਾਰਟੀਆਂ ਨੂੰ ਹਰਾਉਣਾ ਜ਼ਰੂਰੀ ਹੈ।
ਉਨ੍ਹਾਂ ਕਿਹਾ ਕਿ ‘ਆਪ’ ਅਜਿਹੀ ਪਾਰਟੀ ਹੈ, ਜੋ ਲੋਕਾਂ ਤੇ ਸੂਬੇ ਦੇ ਹਿੱਤਾਂ ਦੀ ਗੱਲ ਕਰਦੀ ਹੈ, ਜਦਕਿ ਰਵਾਇਤੀ ਪਾਰਟੀਆਂ ਨੇ ਆਪਣੇ ਰਾਜ ਦੌਰਾਨ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਹੈ। ਉਨ੍ਹਾ ਕਿਹਾ ਕਿ ਦੋਵਾਂ ਪਾਰਟੀਆਂ ਅੰਦਰੂਨੀ ਤੇ ਬਾਹਰੀ ਕਾਟੋ-ਕਲੇਸ਼ ’ਚ ਉਲਝੀਆਂ ਪਈਆਂ ਹਨ ਉਨ੍ਹਾਂ ਤੋਂ ਭਲੇ ਦੀ ਆਸ ਨਹੀਂ ਹੋ ਸਕਦੀ। ਜਾਣਕਾਰੀ ਅਨੁਸਾਰ ਤਤਕਾਲੀ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਸਰਕਾਰ ਵੱਲੋਂ ਜਸਟਿਸ ਜ਼ੋਰਾ ਸਿੰਘ ਨੂੰ ਬੇਅਦਬੀ ਅਤੇ ਬਹਬਿਲ ਕਾਂਡ ਦੀ ਜਾਂਚ ਲਈ ਕਮਿਸ਼ਨ ਨਿਯੁਕਤ ਕੀਤਾ ਗਿਆ ਸੀ। ਉਹ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿਚ ਚੱਲਦੀ ਦਿੱਲੀ ਸਰਕਾਰ ਦੀਆਂ ਪ੍ਰਾਪਤੀਆਂ ਨਾਲ ਸੂਬੇ ਅੰਦਰ ਮਹਿੰਗੀ ਬਿਜਲੀ ਦੇ ਮੁੱਦੇ ਅਤੇ ਹੋਰ ਸਹੂਲਤਾਂ ਦਾ ਪ੍ਰਚਾਰ ਕਰਕੇ ਵਰਕਰਾਂ ਨੂੰ ਜੋੜ ਰਹੇ ਹਨ। ਪੰਜਾਬ ਦੀ ਸਿਆਸੀ ਫ਼ਿਜ਼ਾ ਨਾਲ ਵਧੀ ਉਤਸੁਕਤਾ ਤੋਂ ਉਨ੍ਹਾਂ ਦੇ ਨਿਹਾਲ ਸਿੰਘ ਵਾਲਾ ਤੋਂ ਪਾਰੀ ਲਈ ਕਮਰਕੱਸੀ ਦੇ ਚਰਚੇ ਹਨ।
ਉਨ੍ਹਾਂ ਦੀਆਂ ਲਗਾਤਾਰ ਇਸ ਹਲਕੇ ਵਿੱਚ ਸਿਆਸੀ ਫੇਰੀਆਂ ਜਿੱਥੇ ’ਆਪ’ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਦੀਆਂ ਚਿੰਤਾਵਾਂ ਵਧਾ ਰਹੀਆਂ ਹਨ, ਉੱਥੇ ਹੀ ਹਲਕੇ ਦੇ ਵਰਕਰ ਵੀ ਦੁਚਿੱਤੀ ਵਿੱਚ ਹਨ। ਇਹ ਹਲਕਾ ਖੱਬੇ ਪੱਖੀਆਂ ਦਾ ਗੜ੍ਹ ਮੰਨਿਆ ਜਾਂਦਾ ਹੈ। ਜ਼ਿਆਦਾਤਰ ਇਸ ਹਲਕੇ ਉੱਤੇ ਸੀਪੀਆਈ ਤੇ ਸ਼੍ਰੋਮਣੀ ਅਕਾਲੀ ਦਲ ਦਾ ਸਿਆਸੀ ਕਬਜ਼ਾ ਰਿਹਾ ਹੈ। ਸਾਲ 2017 ਵਿੱਚ ਮਨਜੀਤ ਸਿੰਘ ਬਿਲਾਸਪੁਰ ਨੇ ਇਹ ਸੀਟ ’ਆਪ’ ਦੀ ਝੋਲੀ ਪਾਈ ਸੀ।
ਕੈਪਸ਼ਨ: ਨਿਹਾਲ ਸਿੰਘ ਵਾਲਾ ਹਲਕੇ ’ਚ ’ਆਪ’ ਤੇ ਹੋਰ ਵਰਕਰਾਂ ਨਾਲ ਜਸਟਿਸ ਜੋਰਾ ਸਿੰਘ।