ਸਤਵਿੰਦਰ ਬਸਰਾ
ਲੁਧਿਆਣਾ, 26 ਫਰਵਰੀ
ਪੰਜਾਬੀ ਵਿਰਾਸਤ ਸੱਭਿਆਚਾਰਕ ਮੰਚ ਵੱਲੋਂ ਅੱਜ ਪੰਜਾਬੀ ਮਾਂ ਬੋਲੀ ਦਿਵਸ ਅਤੇ ਮਰਹੂਮ ਗੀਤਕਾਰ ਦੇਵ ਥਰੀਕਿਆਂ ਵਾਲੇ ਨੂੰ ਸਮਰਪਿਤ ਚੇਤਨਾ ਮਾਰਚ ਕੱਢਿਆ ਗਿਆ। ਇਹ ਚੇਤਨਾ ਮਾਰਚ ਪੰਜਾਬੀ ਭਵਨ ਤੋਂ ਸ਼ੁਰੂ ਹੋਇਆ ਅਤੇ ਇੱਥੇ ਪਹੁੰਚ ਕੇ ਸਮਾਪਤ ਹੋਇਆ। ਇਸ ਚੇਤਨਾ ਮਾਰਚ ਦੀ ਅਗਵਾਈ ਪੰਜਾਬੀ ਗੀਤਕਾਰ ਮੰਚ ਲੁਧਿਆਣਾ ਦੇ ਪ੍ਰਧਾਨ ਸਰਬਜੀਤ ਸਿੰਘ ਵਿਰਦੀ ਨੇ ਕੀਤੀ।
ਇਸ ਚੇਤਨਾ ਮਾਰਚ ਦੌਰਾਨ ਚੇਅਰਮੈਨ ਸੁਰਿੰਦਰ ਸੇਠੀ ਨੇ ਕਿਹਾ ਕਿ ਸਾਨੂੰ ਆਪਣੀ ਮਾਂ ਬੋਲੀ ਦੀ ਹਮੇਸ਼ਾ ਕਦਰ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹੋਰਨਾਂ ਭਾਸ਼ਾਵਾਂ ਸਿੱਖਣ ਵਿਚ ਕੋਈ ਹਰਜ਼ ਨਹੀਂ ਪਰ ਮਾਂ ਬੋਲੀ ਨੂੰ ਉਸ ਦਾ ਬਣਦਾ ਸਨਮਾਨ ਦੇਣਾ ਸਾਡੀ ਜ਼ਿੰਮੇਵਾਰੀ ਹੈ। ਇਸ ਚੇਤਨਾ ਮਾਰਚ ਦਾ ਪਹਿਲਾਂ ਰੂਟ ਪੰਜਾਬੀ ਭਵਨ ਤੋਂ ਭਾਰਤ ਨਗਰ ਚੌਕ ਅਤੇ ਫਿਰ ਵਾਪਸ ਪੰਜਾਬੀ ਭਵਨ ਦਾ ਰੱਖਿਆ ਗਿਆ ਸੀ ਪਰ ਮੀਂਹ ਦਾ ਮੌਸਮ ਹੋਣ ਕਰਕੇ ਰੂਟ ਵਿੱਚ ਕੁੱਝ ਤਬਦੀਲੀ ਕਰਨੀ ਪਈ। ਮਾਰਚ ਦੀ ਅਗਵਾਈ ਕਰਦਿਆਂ ਸ੍ਰੀ ਵਿਰਦੀ ਨੇ ਪ੍ਰਬੰਧਕਾਂ ਨੂੰ ਚੇਤਨਾ ਮਾਰਚ ਲਈ ਵਧਾਈ ਦਿੱਤੀ। ਇਸ ਮੌਕੇ ਗਾਇਕ ਪਾਲੀ ਦੇਤਵਾਲੀਆ ਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।