ਨਵੀਂ ਦਿੱਲੀ, 18 ਮਾਰਚ
ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਨਵੀਂ ਵਾਹਨ ਕਬਾੜ (ਸਕਰੈਪਿੰਗ ਪਾਲਿਸੀ) ਨੀਤੀ ਨੂੰ ਆਟੋਮੋਬਾਈਲ ਖੇਤਰ ਤੇ ਆਮ ਲੋਕਾਂ ਦੋਵਾਂ ਲਈ ਮਹੱਤਵਪੂਰਨ ਸੁਧਾਰ ਕਰਾਰ ਦਿੰਦਿਆਂ ਕਿਹਾ ਕਿ ਇਸ ਨਾਲ ਸੜਕ ਸੁਰੱਖਿਆ ’ਚ ਸੁਧਾਰ ਹੋਵੇਗਾ, ਹਵਾ ਪ੍ਰਦੂਸ਼ਣ ਘਟੇਗਾ ਅਤੇ ਈਂਧਣ ਦੀ ਖਪਤ ਤੇ ਤੇਲ ਦੀ ਦਰਾਮਦ ’ਚ ਵੀ ਕਮੀ ਆਵੇਗੀ।
ਲੋਕ ਸਭਾ ’ਚ ਵਾਹਨ ਸਕਰੈਪਿੰਗ ਪਾਲਿਸੀ ਦਾ ਐਲਾਨ ਕਰਦਿਆਂ ਗਡਕਰੀ ਨੇ ਕਿਹਾ ਕਿ ਦੇਸ਼ ’ਚ ਆਟੋਮੋਬਾਈਲ ਖੇਤਰ ਦਾ ਆਕਾਰ 4.50 ਲੱਖ ਕਰੋੜ ਰੁਪਏ ਦਾ ਹੈ ਅਤੇ ਅਗਲੇ ਪੰਜ ਸਾਲਾਂ ’ਚ ਇਹ ਵੱਧ ਕੇ 10 ਲੱਖ ਕਰੋੜ ਰੁਪਏ ਦਾ ਹੋਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਪੁਰਾਣੇ ਵਾਹਨ ਦੀ ਸਕਰੈਪ ਕੀਮਤ ਸਕਰੈਪਿੰਗ ਕੇਂਦਰ ਵੱਲੋਂ ਦਿੱਤੀ ਜਾਵੇਗੀ ਜੋ ਕਿ ਨਵੇਂ ਵਾਹਨ ਦੀ ਤਕਰੀਬਨ 4-6 ਫੀਸਦ ਕੀਮਤ ਹੋਵੇਗੀ। ਇਸ ਦੇ ਨਾਲ ਹੀ ਸੂਬਾ ਸਰਕਾਰਾਂ ਨੂੰ ਨਿੱਜੀ ਵਾਹਨ ’ਤੇ 25 ਫੀਸਦ ਤੱਕ ਅਤੇ ਕਮਰਸ਼ੀਅਲ ਵਾਹਨ ’ਤੇ 15 ਫੀਸਦ ਤੱਕ ਰੋਡ ਟੈਕਸ ਘਟਾਉਣ ਦਾ ਸੁਝਾਅ ਦਿੱਤਾ ਜਾਵੇਗਾ। ਮੰਤਰੀ ਨੇ ਕਿਹਾ ਕਿ ਵਾਹਨ ਬਣਾਉਣ ਵਾਲੀਆਂ ਕੰਪਨੀਆਂ ਨੂੰ ਵੀ ਸਕਰੈਪ ਸਰਟੀਫਿਕੇਟ ਬਦਲੇ ਨਵੇਂ ਵਾਹਨਾਂ ’ਤੇ 5 ਫੀਸਦ ਤੱਕ ਛੋਟ ਦੇਣ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਸਕਰੈਪਿੰਗ ਸਰਟੀਫਿਕੇਟ ਬਦਲੇ ਨਵੇਂ ਵਾਹਨ ’ਤੇ ਰਜਿਸਟਰੇਸ਼ਨ ਫੀਸ ਵੀ ਮੁਆਫ਼ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਨੀਤੀ ਦਾ ਮਕਸਦ ਪੁਰਾਣੇ ਤੇ ਨੁਕਸਦਾਰ ਵਾਹਨ ਘਟਾਉਣੇ, ਹਵਾ ਪ੍ਰਦੂਸ਼ਣ ਘਟਾਉਣਾ ਅਤੇ ਸੜਕ ਤੇ ਵਾਹਨ ਸੁਰੱਖਿਆ ’ਚ ਸੁਧਾਰ ਕਰਨਾ ਹੈ।
ਉਨ੍ਹਾਂ ਕਿਹਾ ਕਿ ਪੁਰਾਣੇ ਵਾਹਨਾਂ ਨੂੰ ਕਬਾੜ ’ਚ ਤਬਦੀਲ ਕਰਨ ਨਾਲ ਪਲਾਸਟਿਕ, ਤਾਂਬਾ, ਐਲੁਮੀਨੀਅਮ, ਸਟੀਲ ਤੇ ਰਬੜ ਵਰਗੇ ਕੱਚੇ ਮਾਲ ਨੂੰ ਮੁੜ ਵਰਤੋਂ ਯੋਗ ਬਣਾਇਆ ਜਾ ਸਕੇਗਾ। ਇਸ ਨਾਲ ਵਾਹਨਾਂ ਦੀ ਲਾਗਤ ਘੱਟ ਹੋ ਸਕਦੀ ਹੈ ਅਤੇ ਇੰਡਸਟਰੀ ਨੂੰ ਵਧੇਰੇ ਮਜ਼ਬੂਤ ਬਣਨ ’ਚ ਮਦਦ ਮਿਲ ਸਕਦੀ ਹੈ। ਸ੍ਰੀ ਗਡਕਰੀ ਅਗਲੇ ਕੁਝ ਹਫ਼ਤਿਆਂ ਅੰਦਰ ਇਸ ਖਰੜੇ ਸਬੰਧੀ ਨੋਟੀਫਿਕੇਸ਼ਨ ਪ੍ਰਕਾਸ਼ਿਤ ਕਰਵਾਉਣਗੇ। -ਪੀਟੀਆਈ
‘ਸ਼ਹਿਰਾਂ ਅੰਦਰੋਂ ਹਟਾਏ ਜਾਣਗੇ ਟੌਲ’
ਨਵੀਂ ਦਿੱਲੀ: ਲੋਕ ਸਭਾ ’ਚ ਪ੍ਰਸ਼ਨ ਕਾਲ ਦੌਰਾਨ ਗੁਰਜੀਤ ਔਜਲਾ, ਦੀਪਕ ਬੈਜ ਤੇ ਕੁੰਵਰ ਦਾਨਿਸ਼ ਅਲੀ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਨਿਤਿਨ ਗਡਕਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੌਰਾਨ ਕਈ ਥਾਵਾਂ ’ਤੇ ਸ਼ਹਿਰੀ ਇਲਾਕਿਆਂ ਅੰਦਰ ਟੌਲ ਬਣਾਏ ਗਏ ਸਨ ਜੋ ਕਿ ਗਲਤ ਹਨ। ਇਨ੍ਹਾਂ ਨੂੰ ਹਟਾਉਣ ਦਾ ਕੰਮ ਇੱਕ ਸਾਲ ’ਚ ਪੂਰਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਕਰੋਨਾਵਾਇਰਸ ਕਾਰਨ ਜਿੰਨੀਆਂ ਮੌਤਾਂ ਹੋਈਆਂ ਹਨ, ਉਸ ਤੋਂ ਵੱਧ ਮੌਤਾਂ ਸੜਕ ਹਾਦਸਿਆਂ ’ਚ ਹੋਈਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਸੜਕ ਹਾਦਸਿਆਂ ਨੂੰ ਲੈ ਕੇ ਗੰਭੀਰ ਹੈ ਤੇ ਸੜਕ ਸੁਰੱਖਿਆ ਲਈ ਮਹੱਤਵਪੂਰਨ ਕਦਮ ਚੁੱਕੇ ਜਾ ਰਹੇ ਹਨ। -ਪੀਟੀਆਈ