ਪੱਤਰ ਪ੍ਰੇਰਕ
ਬਠਿੰਡਾ, 14 ਜੂਨ
ਇੱਥੋਂ ਦੇ ਮਹੇਸ਼ਵਰੀ ਚੌਕ ਨਜ਼ਦੀਕ ਗੁਜਰਾਤ ਦੀ ਇੱਕ ਕੰਪਨੀ ਵੱਲੋਂ ਘਰਾਂ ਨੂੰ ਦੀ ਰਸੋਈ ਗੈਸ ਦੇਣ ਲਈ ਲਾਈ ਗਈ ਪਾਈਪਲਾਈਨ ਨਗਰ ਨਿਗਮ ਕਾਮਿਆਂ ਵੱਲੋਂ ਅਣਗਹਿਲੀ ਨਾਲ ਪੁੱਟ ਸੁੱਟੀ ਗਈ। ਸ਼ਹਿਰ ਵਿੱਚ ਇੰਟਰਲਾਕ ਟਾਈਲਾਂ ਲਾਉਣ ਦਾ ਕੰਮ ਚੱਲ ਰਿਹਾ ਹੈ ਅਤੇ ਨਿਗਮ ਦੇ ਕਾਮੇ ਜੇਸੀਬੀ ਨਾਲ ਪੁਟਾਈ ਕਰ ਰਹੇ ਸਨ ਜਿਸ ਦੌਰਾਨ ਧਰਤੀ ਹੇਠੋਂ ਲੰਘ ਰਹੀ ਗੈਸ ਪਾਈਪਲਾਈਨ ਜੇਸੀਬੀ ਦਾ ਪੀਲਾ ਪੰਜਾ ਵੱਜਣ ਕਾਰਨ ਪੁੱਟੀ ਗਈ। ਫਾਇਰ ਬ੍ਰਿਗੇਡ ਬਠਿੰਡਾ ਦੇ ਦਫ਼ਤਰ ਨੇ ਪੁਸ਼ਟੀ ਕਰਦਿਆਂ ਕਿਹਾ ਐਕਸੀਅਨ ਦੇ ਕਹਿਣ ’ਤੇ ਮੌਕੇ ’ਤੇ ਫਾਇਰ ਬ੍ਰਿਗੇਡ ਦੀ ਇੱਕ ਗੱਡੀ ਨੂੰ ਗੈਸ ਪਾਈਪ ਲਾਈਨ ਠੀਕ ਹੋਣ ਤੱਕ ਖੜ੍ਹਾ ਕਰ ਦਿੱਤਾ ਗਿਆ ਹੈ। ਗੈਸ ਪਾਈਪ ਲਾਈਨ ਨੂੰ ਕੰਪਨੀ ਦੇ ਇੰਜਨੀਅਰ ਠੀਕ ਕਰਨ ਵਿੱਚ ਜੁਟੇ ਹੋਏ ਹਨ।