ਜ਼ੀਰਾ: ਪਿੰਡ ਸਨ੍ਹੇਰ ਦੀ ਪੰਚਾਇਤੀ ਜ਼ਮੀਨ ਵਿੱਚੋਂ ਮਜ਼ਦੂਰਾਂ ਦੇ ਤੀਜੇ ਹਿੱਸੇ ਦੀ ਜ਼ਮੀਨ ਨੂੰ ਲੈ ਕੇ ਕਾਫੀ ਸਮੇਂ ਤੋਂ ਵਿਵਾਦ ਚੱਲਦਾ ਆ ਰਿਹਾ ਹੈ, ਅੱਜ ਸਵੇਰੇ 9 ਵਜੇ ਪਿੰਡ ਦੀ ਪੰਚਾਇਤ ਨੇ ਗੁਰਦੁਆਰੇ ਤੋਂ ਅਨਾਊਂਸਮੈਂਟ ਕਰਵਾ ਕੇ ਗਿਆਰਾਂ ਵਜੇ ਪੰਚਾਇਤੀ ਬੋਲੀ ਦਾ ਸਮਾਂ ਦਿੱਤਾ ਸੀ, ਉਸ ਸਮੇਂ ’ਤੇ ਨਾ ਕੋਈ ਪ੍ਰਸ਼ਾਸਨਿਕ ਅਧਿਕਾਰੀ ਤੇ ਨਾ ਹੀ ਕੋਈ ਪੰਚਾਇਤ ਦਾ ਨੁਮਾਇੰਦਾ ਬੋਲੀ ਲਈ ਪਹੁੰਚਿਆ ਤਾਂ ਮਜ਼ਦੂਰਾਂ ਨੇ ਰੋਸ ਵਜੋਂ ਸ਼ੇਰਾਂਵਾਲਾ ਚੌਕ ਜ਼ੀਰਾ ਆ ਕੇ ਧਰਨਾ ਲਗਾ ਦਿੱਤਾ। ਇਸ ਸਮੇਂ ਸੂਬਾ ਆਗੂ ਸੰਦੀਪ ਸਿੰਘ ਪੰਡੋਰੀ ਨੇ ਕਿਹਾ ਕਿ ਪਿੰਡ ਸਨ੍ਹੇਰ ਦੀ ਪੰਚਾਇਤੀ ਪੈਲੀ ਦੀ ਬੋਲੀ ਪਹਿਲਾਂ ਵੀ ਚਾਰ, ਪੰਜ ਵਾਰ ਰੱਦ ਹੋ ਚੁੱਕੀ ਹੈ। ਪਿੰਡ ਦਾ ਅਖੌਤੀ ਸਰਪੰਚ ਅੰਗਰੇਜ਼ ਸਿੰਘ ਜੋ ਕਿ ਬੋਲੀ ਵਿੱਚ ਅੜਿੱਕਾ ਡਾਹ ਰਿਹਾ ਹੈ, ਪਿਛਲੇ ਸਾਲ ਵੀ ਕਾਂਗਰਸ ਸਰਕਾਰ ਵੇਲੇ ਮਜ਼ਦੂਰਾਂ ਵੱਲੋਂ ਆਪਣੇ ਹਿੱਸੇ ਦੀ ਜ਼ਮੀਨ ਦੀ ਮੰਗ ਕਰਨ ’ਤੇ ਮਜ਼ਦੂਰਾਂ ਨਾਲ ਦੁਰਵਿਹਾਰ ਕੀਤਾ ਗਿਆ ਸੀ, ਇਸ ਵਾਰ ਵੀ ਤੀਜੇ ਹਿੱਸੇ ਦੀ ਜ਼ਮੀਨ ਨਾ ਦੇਣ ਦੀ ਨੀਅਤ ਨਾਲ ਪੰਚਾਇਤ ਵੱਲੋਂ ਕੁਝ ਦਿਨਾਂ ਬਾਅਦ ਗੁਰਦੁਆਰੇ ’ਚੋਂ ਮੁਨਾਦੀ ਕਰਵਾ ਦਿੱਤੀ ਜਾਂਦੀ ਹੈ, ਪਰ ਜਦੋਂ ਮਜ਼ਦੂਰ ਇਕੱਠੇ ਹੁੰਦੇ ਹਨ ਤਾਂ ਕੋਈ ਵੀ ਅਧਿਕਾਰੀ ਬੋਲੀ ਕਰਵਾਉਣ ਲਈ ਨਹੀਂ ਆਉਂਦਾ। ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਥੋਂ ਦੀ ਸਮੁੱਚੀ ਪੰਚਾਇਤੀ ਜ਼ਮੀਨ ਦੀ ਪਿਛਲੇ ਸਾਲਾਂ ਤੋਂ ਲੈ ਕੇ ਹੁਣ ਤੱਕ ਜਾਂਚ ਕਰਵਾਈ ਜਾਵੇ। -ਪੱਤਰ ਪ੍ਰੇਰਕ