ਜੋਗਿੰਦਰ ਸਿੰਘ ਮਾਨ
ਮਾਨਸਾ, 2 ਸਤੰਬਰ
ਮਾਨਸਾ ਜ਼ਿਲ੍ਹੇ ਦੇ ਪਿੰਡ ਬੱਪੀਆਣਾ ਦੇ ਜੰਮਪਲ ਡਾ. ਸੁਖਪਾਲ ਸਿੰਘ ਨੂੰ ਪੰਜਾਬ ਸਰਕਾਰ ਵੱਲੋਂ ਪੰਜਾਬ ਰਾਜ ਕਿਸਾਨ ਕਮਿਸ਼ਨ ਦੇ ਚੇਅਰਮੈਨ ਲਾਇਆ ਗਿਆ ਹੈ। ਉਹ ਇਸ ਵੇਲੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਪਿ੍ੰਸੀਪਲ ਐਕੋਂਮਿਸਟ(ਖੇਤੀਬਾੜੀ ਮਾਰਕੀਟਿੰਗ) ਵਜੋਂ ਤਾਇਨਾਤ ਹਨ। ਉਨ੍ਹਾਂ ਦਾ ਕਿਸੇ ਰਾਜਨੀਤਕ ਪਾਰਟੀ ਨਾਲ ਕੋਈ ਵੀ ਲਾਗਾ ਨਹੀਂ। ਡਾ. ਸੁਖਪਾਲ ਸਿੰਘ ਮਾਨਸਾ ਦੇ ਨਹਿਰੂ ਮੈਮੋਰੀਅਲ ਕਾਲਜ ਤੋਂ ਬੀਏ ਕਰਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਇਕਨੋਮਿਕਸ ਦੀ ਮਾਸਟਰ ਡਿਗਰੀ ਬੜੇ ਔਖੇ ਹਾਲਤਾਂ ’ਚੋਂ ਕਰਨ ਵਾਲੇ ਮਿਹਨਤੀ ਅਤੇ ਹਿੰਮਤੀ ਵਿਦਿਆਰਥੀ ਸਨ। ਉਨ੍ਹਾਂ ਨੇ ਕਿਸਾਨੀ ਖੇਤਰ ਵਿਚ ਬਹੁਤ ਕੰਮ ਕੀਤਾ ਹੈ ਅਤੇ ਕਿਸ਼ਾਨਾਂ ਦੀਆਂ ਖ਼ੁਦਕੁਸ਼ੀਆਂ ਤੋਂ ਲੈਕੇ ਡੁੱਬਦੀ ਕਿਸਾਨੀ ਲਈ ਹਕੂਮਤ ਦੀਆਂ ਮੀਚੀਆਂ ਅੱਖਾਂ ਨੂੰ ਖੋਲ੍ਹਣ ਵਾਲੇ ਆਰਟੀਕਲ ਪੰਜਾਬੀ, ਅੰਗਰੇਜ਼ੀ ਅਤੇ ਹੋਰ ਭਾਸ਼ਾਵਾਂ ਵਿਚ ਲਿਖੇ ਹਨ। ਕਿਸਾਨੀ ਨੂੰ ਮੰਦਹਾਲੀ ਤੋਂ ਖੁਸ਼ਹਾਲੀ ਵੱਲ ਲਿਜਾਣ ਲਈ ਸੈਂਕੜੇ ਇੰਟਰਵਿਊਆਂ ਦੁਨੀਆਂ ਭਰ ਦੇ ਚੈਨਲਾਂ ਨੂੰ ਦਿੱਤੀਆਂ ਹਨ। ਉਹ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਡਾ. ਦਰਸ਼ਨ ਪਾਲ ਦੇ ਸਾਂਢੂ ਹਨ। ਉਨ੍ਹਾਂ ਦੇ ਛੋਟੇ ਸਾਲੇ ਪ੍ਰੋਫੈਸਰ ਧਰਮਿੰਦਰ ਸਿੰਘ ਸਪੋਲੀਆ (ਪੰਜਾਬੀ ਯੂਨੀਵਰਸਿਟੀ ਪਟਿਆਲਾ) ਨੇ ਡੁੱਬਦੀ ਕਿਸਾਨੀ ਨੂੰ ਬਚਾਉਣ ਲਈ ਪਟਿਆਲਾ ਤੋਂ ਸੰਯੁਕਤ ਸਮਾਜ ਮੋਰਚਾ ਵਲੋਂ ਚੋਣ ਵੀ ਲੜੀ ਸੀ।