ਕਿਸਾਨ ਮੋਰਚੇ ’ਚ ਕਵੀ ਪਾਸ਼ ਨੂੰ ਸ਼ਰਧਾਂਜਲੀਆਂ
ਜਗਰਾਉਂ (ਜਸਬੀਰ ਸਿੰਘ ਸ਼ੇਤਰਾ): ਰੇਲਵੇ ਪਾਰਕ ਜਗਰਾਉਂ ’ਚ 343ਵੇਂ ਦਿਨ ’ਚ ਦਾਖਲ ਹੋਏ ਕਿਸਾਨ ਸੰਘਰਸ਼ ਮੋਰਚੇ ’ਚ ਵੱਡੀ ਗਿਣਤੀ ਮਜ਼ਦੂਰਾਂ-ਕਿਸਾਨਾਂ ਨੇ ਭਾਗ ਲਿਆ। ਸਭ ਤੋਂ ਪਹਿਲਾਂ ਕ੍ਰਾਂਤੀਕਾਰੀ ਕਵੀ ਅਵਤਾਰ ਪਾਸ਼ ਦੇ ਜਨਮ ਦਿਨ ’ਤੇ ਨਮਨ ਕੀਤਾ ਗਿਆ। ਉਨ੍ਹਾਂ ਦੇ ਜਨਮ ਦਿਨ ’ਤੇ ਉਨ੍ਹਾਂ ਦੇ ਗੀਤ ਸੋਨੇ ਦੀ ਸਵੇਰ ਜਦੋਂ ਆਪ ਹਾਣੀਆ, ਨੱਚੂਗਾ ਅੰਬਰ ਭੂਮੀ ਗਾਊ ਹਾਣੀਆ ਰਾਹੀਂ ਯਾਦ ਕੀਤਾ ਗਿਆ। ਲੋਕ ਆਗੂ ਕੰਵਲਜੀਤ ਖੰਨਾ ਨੇ ਕਿਹਾ ਕਿ ਪਾਬਲੋ ਨਰੂਲਾ ਜਿਹੇ ਮਹਾਨ ਕਵੀਆਂ ਦਾ ਹਮਰੁਤਬਾ ਪਾਸ਼ ਕਿਸਾਨਾਂ, ਮਜ਼ਦੂਰਾਂ ਦੇ ਸੁਪਨਿਆਂ ਦਾ, ਮੰਜ਼ਿਲਾਂ ਦਾ ਕਵੀ ਹੈ, ਜਿਸ ਨੂੰ ਮੂਲਵਾਦੀ ਤਾਕਤਾਂ ਨੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਸੀ। ਜੱਲ੍ਹਿਆਂਵਾਲਾ ਬਾਗ ਦੀ ਦਿੱਖ ਵਿਗਾੜਨ ਦੀ ਤਿੱਖੀ ਨਿੰਦਾ ਕਰਦਿਆਂ ਉਨ੍ਹਾਂ ਕਿਹਾ ਕਿ ਸ਼ਹੀਦੀ ਸਮਾਰਕ ’ਚ ਕੀਤੇ ਬਦਲਾਅ ਅਸਲ ’ਚ ਉਸ ਖੂਨੀ ਸਾਕੇ ਦੀ ਸਾਰਥਿਕਤਾ ਨੂੰ ਰੋਲਣ ਦਾ ਕੋਝਾ ਯਤਨ ਹਨ।