ਸਰਬਜੀਤ ਸਿੰਘ ਭੰਗੂ
ਪਟਿਆਲਾ, 13 ਅਪਰੈਲ
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੈਨੇਟ ਹਾਲ ਵਿਖੇ ਰਿਸਰਚ ਸਕਾਲਰ ਐਸੋਸੀਏਸ਼ਨ ਵੱਲੋਂ ਪ੍ਰਧਾਨ ਗੁਰਲਾਲ ਸਿੰਘ ਦੀ ਅਗਵਾਈ ਹੇਠ ‘ਅਜੋਕੀ ਰਾਜਨੀਤੀ ਵਿੱਚ ਖੇਤਰੀ ਪਾਰਟੀਆਂ ਦੀ ਲੋੜ ਅਤੇ ਮਹੱਤਵ’ ਵਿਸ਼ੇ ਉੱਪਰ ਸੈਮੀਨਾਰ ਕਰਵਾਇਆ ਗਿਆ। ਇਸ ਦੌਰਾਨ ਵਿਦਵਾਨਾਂ ਦਾ ਤਰਕ ਸੀ ਕਿ ਪੰਜਾਬ ਦੇ ਲੋਕ ਰਵਾਇਤੀ ਪਾਰਟੀਆਂ ਤੋਂ ਬੁਰੀ ਤਰ੍ਹਾਂ ਅੱਕ ਅਤੇ ਥੱਕ ਚੁੱਕੇ ਸਨ ਜਿਸ ਕਰਕੇ ਕੁਝ ਸਮੇਂ ਤੋਂ ਲੋਕ ਕਿਸੇ ਤੀਜੇ ਬਦਲ ਦੀ ਤਲਾਸ਼ ’ਚ ਸਨ ਤੇ ਐਤਕੀਂ ਚੋਣਾਂ ਦੌਰਾਨ ਲੋਕਾਂ ਨੇ ਬਦਲਾਅ ਦੀ ਭਾਵਨਾ ਨਾਲ਼ ਹੀ ‘ਆਪ’ ਨੂੰ ਤੀਜੇ ਬਦਲ ਵਜੋਂ ਸਾਹਮਣੇ ਲਿਆਂਦਾ। ਇਸ ਤਰ੍ਹਾਂ ਬੁਲਾਰਿਆਂ ਨੇ ‘ਆਪ’ ਸਰਕਾਰ ਦੀ ਸਥਾਪਤੀ ਬਦਲਾਅ ਦੀ ਭਾਵਨਾ ਵਿਚੋਂ ਨਿਕਲੀ ਹੋਈ ਕਰਾਰ ਦਿੱਤੀ।
ਇਸ ਮੌਕੇ ਬੋਲਦਿਆਂ ਯੂ.ਏ.ਈ ਅਤੇ ਈਰਾਨ ’ਚ ਭਾਰਤ ਦੇ ਰਾਜਦੂਤ ਵਜੋਂ ਤਾਇਨਾਤ ਰਹੇ ਕੇ.ਸੀ. ਸਿੰਘ ਨੇ ਕਿਹਾ ਕਿ ਪੰਜਾਬ ਨੂੰ ਆਪਣੇ ਚੰਗੇ ਭਵਿੱਖ ਅਤੇ ਖਿੱਤੇ ਦੀਆਂ ਸਮੱਸਿਆਵਾਂ ਦੇ ਹੱਲ ਲਈ ਮਜ਼ਬੂਤ ਖੇਤਰੀ ਪਾਰਟੀ ਦੀ ਜ਼ਰੂਰਤ ਹੈ। ਕਿਸੇ ਸਮੇਂ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਦਾ ਰੋਲ ਅਦਾ ਕਰਦੀ ਸੀ, ਪ੍ਰੰਤੂ ਹੁਣ ਉਹ ਵੀ ਆਪਣੇ ਮੁੱਢ ਤੋਂ ਟੁੱਟ ਚੁੱਕੀ ਹੈ।
ਪੱਤਰਕਾਰ ਹਮੀਰ ਸਿੰਘ ਨੇ ਵਰਤਮਾਨ ਸਮੇਂ ਅੰਦਰ ਖੇਤਰੀ ਪਾਰਟੀਆਂ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਭਾਰਤ ਅੰਦਰ ਸੰਘੀ ਢਾਂਚੇ ਦੀ ਮਜ਼ਬੂਤੀ ਲਈ ਖੇਤਰੀ ਪਾਰਟੀਆਂ ਦੇ ਤਕੜੇ ਹੋਣ ਦੀ ਲੋੜ ਹੈ।
ਇਸ ਤੋਂ ਪਹਿਲਾਂ ਸਵਾਗਤੀ ਭਾਸ਼ਣ ਵਿੱਚ ਪੱਤਰਕਾਰ ਅਤੇ ਚਿੰਤਕ ਡਾ. ਹਰਜਿੰਦਰ ਸਿੰਘ ਵਾਲੀਆ ਨੇ ਪੰਜਾਬ ਦੇ ਮੁੱਦਿਆਂ ਤੋਂ ਜਾਣੂ ਕਰਵਾਇਆ। ਪ੍ਰਧਾਨਗੀ ਭਾਸ਼ਣ ਦੌਰਾਨ ਉਪ ਕੁਲਪਤੀ ਪ੍ਰੋ. ਅਰਵਿੰਦ ਨੇ ਕਿਹਾ ਕਿ ਯੂਨੀਵਰਸਿਟੀ ਵਿੱਚ ਇਹੋ ਜਿਹੇ ਸੈਮੀਨਾਰ ਹੋਣੇ ਚਾਹੀਦੇ ਹਨ ਤਾਂ ਜੋ ਸਮਾਜ ਵਿੱਚ ਨਵੇਂ ਵਿਚਾਰ ਸਾਹਮਣੇ ਆ ਸਕਣ। ਇਸ ਮੌਕੇ ਰਿਸਰਚ ਸਕਾਲਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਲਾਲ ਸਿੰਘ, ਜਨਰਲ ਸਕੱਤਰ ਮਨਜਿੰਦਰ ਸਿੰਘ, ਮਨਪ੍ਰੀਤ ਕੌਰ, ਲਖਵੀਰ ਸਿੰਘ, ਅਵਤਾਰ ਸਿੰਘ, ਹਰਪ੍ਰੀਤ ਸਿੰਘ, ਰਮਨਦੀਪ ਕੌਰ ਆਦਿ ਨੇ ਆਏ ਮਹਿਮਾਨਾਂ ਦੇ ਸਨਮਾਨ ’ਚ ਬੂਟੇ ਦੇ ਕੇ ਧੰਨਵਾਦ ਕੀਤਾ।