ਜਸਵੰਤ ਜੱਸ
ਫ਼ਰੀਦਕੋਟ, 26 ਫਰਵਰੀ
ਫ਼ਰੀਦਕੋਟ ਜ਼ਿਲੇ ’ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਥਿਤ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਸ਼ੁਰੂ ਕੀਤੇ ਵਿਕਾਸ ਕਾਰਜਾਂ ਨੂੰ ਹੁਣ ਚੁੱਪ-ਚੁਪੀਤੇ ਵਿਚਾਲੇ ਰੋਕਣ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਸੂਚਨਾ ਅਨੁਸਾਰ ਵਿਧਾਨ ਸਭਾ ਹਲਕਾ ਫ਼ਰੀਦਕੋਟ ਦੇ ਸਭ ਤੋਂ ਅਹਿਮ ਪਿੰਡ ਅਰਾਈਆਂਵਾਲਾ ਕਲਾਂ ’ਚ ਪਿੰਡ ਦੇ ਪਾਣੀ ਦੀ ਨਿਕਾਸੀ ਲਈ ਪੈਣ ਵਾਲੀਆਂ ਜ਼ਮੀਨਦੋਜ਼ ਪਾਈਪਾਂ ਐੱਸ.ਐੱਂਡ.ਜੀ. ਇੰਟਰਲਾਕ ਫੈਕਟਰੀ ਨੇ ਵਾਪਸ ਲਿਜਾਣ ਦਾ ਫੈਸਲਾ ਕੀਤਾ ਹੈ। ਹਾਲਾਂਕਿ ਪਿੰਡ ਵਾਸੀਆਂ ਦੇ ਵਿਰੋਧ ਕਾਰਨ ਕੰਪਨੀ ਦੇ ਅਧਿਕਾਰੀ ਇਹ ਪਾਇਪਾਂ ਨਹੀਂ ਚੁਕ ਸਕੇ ਅਤੇ ਉਨ੍ਹਾਂ ਨੂੰ ਪਿੰਡ ਵਿੱਚੋਂ ਖਾਲੀ ਹੱਥ ਹੀ ਵਾਪਸ ਜਾਣਾ ਪਿਆ ਹੈ। ਪਿੰਡ ਅਰਾਈਆਂਵਾਲਾ ਦੇ ਵਸਨੀਕ ਗੁਰਭੇਜ ਸਿੰਘ, ਬਲਰਾਜ ਸਿੰਘ ਅਤੇ ਰਾਜਵੀਰ ਸਿੰਘ ਨੇ ਦੱਸਿਆ ਕਿ ਚੋਣ ਜ਼ਾਬਤਾ ਲੱਗਣ ਤੋਂ ਬਾਅਦ 12 ਜਨਵਰੀ ਨੂੰ ਛੱਪੜ ਤੱਕ ਜ਼ਮੀਨਦੋਜ਼ ਪਾਈਪਾਂ ਪਾਉਣ ਦਾ ਪ੍ਰਾਜੈਕਟ ਸ਼ੁਰੂ ਹੋਇਆ ਸੀ ਅਤੇ ਇਸ ਵਿਚ ਇੰਟਲਾਕ ਫੈਕਟਰੀ ਨੇ 43 ਪਾਈਪਾਂ ਵੀ ਭੇਜ ਦਿੱਤੀਆਂ ਸਨ। ਪ੍ਰੰਤੂ ਚੋਣ ਪ੍ਰਕਿਰਿਆ ਸਮਾਪਤ ਹੋਣ ਤੋਂ ਬਾਅਦ ਇਸ ਪ੍ਰਾਜੈਕਟ ਨੂੰ ਵਿਚਕਾਰ ਹੀ ਰੋਕ ਦਿੱਤਾ ਹੈ। ਅੱਜ ਪਾਈਪਾਂ ਨੂੰ ਵਾਪਸ ਲਿਜਾਣ ਦੀ ਕੋਸ਼ਿਸ਼ ਕੀਤੀ ਗਈ ਪਰ ਪਿੰਡ ਵਾਸੀਆਂ ਨੇ ਇਹ ਪਾਈਪਾਂ ਪ੍ਰਾਜੈਕਟ ਵਾਲੀ ਥਾਂ ਤੋਂ ਨਹੀਂ ਚੁੱਕਣ ਦਿੱਤੀਆਂ। ਪਿੰਡ ਵਾਸੀਆਂ ਨੇ ਕਿਹਾ ਕਿ 43 ਪਾਈਪਾਂ ਦੀ ਗਰਾਮ ਪੰਚਾਇਤ ਪਹਿਲਾਂ ਹੀ ਅਦਾਇਗੀ ਫੈਕਟਰੀ ਨੂੰ ਕਰ ਚੁੱਕੀ ਹੈ। ਇਸ ਲਈ ਹੁਣ ਪ੍ਰਾਜੈਕਟ ਦੀ ਰੂਪ-ਰੇਖਾ ਨਹੀਂ ਬਦਲੀ ਜਾ ਸਕਦੀ। ਪਿੰਡ ਦੇ ਸਰਪੰਚ ਪਿਆਰਾ ਸਿੰਘ ਨੇ ਕਿਹਾ ਕਿ ਪਿੰਡ ਦੇ ਪਾਣੀ ਦੀ ਨਿਕਾਸੀ ਲਈ ਜ਼ਮੀਨਦੋਜ਼ ਪਾਈਪਾਂ ਪਾਈਆਂ ਜਾਣੀਆਂ ਸੀ ਪਰ ਹੁਣ ਪਾਈਪਾਂ ਦੀ ਥਾਂ ਪੱਕਾ ਖਾਲਾ ਬਣਾਉਣ ਦਾ ਫੈਸਲਾ ਹੋਇਆ ਹੈ। ਇਸ ਕਰਕੇ ਪਾਈਪਾਂ ਵਾਪਸ ਭੇਜੀਆਂ ਜਾ ਰਹੀਆਂ ਹਨ। ਮੌਕੇ ’ਤੇ ਪੁੱਜੇ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਹਾਕਮ ਧਿਰ ਨੇ ਲੋਕਾਂ ਨੂੰ ਭਰਮਾਉਣ ਲਈ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਪਾਣੀ ਦੀ ਨਿਕਾਸੀ ਦਾ ਪ੍ਰਾਜੈਕਟ ਸ਼ੁਰੂ ਕੀਤਾ ਸੀ। ਪ੍ਰੰਤੂ ਵੋਟਾਂ ਪੈਣ ਤੋਂ ਤੁਰੰਤ ਬਾਅਦ ਹੀ ਇਹ ਪ੍ਰਾਜੈਕਟ ਰੋਕ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਪੱਖਪਾਤੀ ਤਰੀਕੇ ਨਾਲ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ’ਚ ਸ਼ੁਰੂ ਹੋਏ ਕਿਸੇ ਵੀ ਪ੍ਰਾਜੈਕਟ ਨੂੰ ਵਿਚਾਲੇ ਨਹੀਂ ਰੋਕਣ ਦਿੱਤਾ ਜਾਵੇਗਾ। ਡਿਪਟੀ ਕਮਿਸ਼ਨਰ ਹਰਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਪਿੰਡ ਅਰਾਈਆਂਵਾਲੇ ਦੀ ਘਟਨਾ ਬਾਰੇ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕਰਵਾਏ ਵਿਕਾਸ ਕਾਰਜ ਤੈਅ ਸਮੇਂ ’ਚ ਨਿਯਮਾਂ ਅਨੁਸਾਰ ਮੁਕੰਮਲ ਹੋਣਗੇ ਅਤੇ ਕਿਸੇ ਨਾਲ ਵੀ ਕੋਈ ਪਖਪਾਤ ਨਹੀਂ ਹੋਵੇਗਾ।